#PUNJAB

ਗੁਰਦਾਸਪੁਰ ਦੇ ਪੰਜਾਬੀ ਨੌਜਵਾਨ ਦੀ ਅਮਰੀਕਾ ‘ਚ ਹੋਈ ਮੌਤ

ਗੁਰਦਾਸਪੁਰ, 2 ਮਈ (ਪੰਜਾਬ ਮੇਲ)- ਜ਼ਿਲ੍ਹਾ ਗੁਰਦਾਸਪੁਰ ਅਧੀਨ ਭੈਣੀ ਮੀਆਂ ਖਾਂ ਪੁਲਿਸ ਸਟੇਸ਼ਨ ਅਧੀਨ ਪਿੰਡ ਕਿਸ਼ਨਪੁਰ ਦੇ ਇਕ ਨੌਜਵਾਨ ਦੀ ਅਮਰੀਕਾ ‘ਚ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਮ੍ਰਿਤਕ ਕੁਲਵਿੰਦਰ ਸਿੰਘ ਦੇ ਭਰਾ ਹਰਜਿੰਦਰ ਸਿੰਘ ਵਾਸੀ ਕਿਸ਼ਨਪੁਰ ਦੇ ਅਨੁਸਾਰ ਉਨ੍ਹਾਂ ਦਾ ਭਰਾ ਕੁਲਵਿੰਦਰ ਸਿੰਘ ਅਮਰੀਕੀ ਨਾਗਰਿਕ ਸੀ, ਜੋ ਲਗਭਗ 13 ਸਾਲ ਬਾਅਦ ਪਿੰਡ ਆਇਆ ਸੀ। ਕੁਲਵਿੰਦਰ ਸਿੰਘ ਦਾ ਨਵੰਬਰ 2018 ‘ਚ ਸਤਿੰਦਰ ਕੌਰ ਨਾਂ ਦੀ ਔਰਤ ਨਾਲ ਵਿਆਹ ਹੋਇਆ ਸੀ।
ਜਨਵਰੀ 2019 ‘ਚ ਸਤਿੰਦਰ ਕੌਰ ਦੇ ਕਥਿਤ ਦੋਸਤਾਂ ਵੱਲੋਂ ਕੁਲਵਿੰਦਰ ਸਿੰਘ ਨੂੰ ਘਰ ਵਿਚ ਹੀ ਸਿਰ ‘ਤੇ ਗੋਲ਼ੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਸਬੰਧੀ ਭੈਣੀ ਮੀਆਂ ਖਾਂ ਪੁਲਿਸ ਸਟੇਸ਼ਨ ਵਿਚ ਸਤਿੰਦਰ ਕੌਰ ਅਤੇ ਉਸ ਦੇ 2 ਹੋਰ ਸਾਥੀਆਂ ਖਿਲਾਫ਼ ਕੇਸ ਦਰਜ ਹੋਇਆ ਸੀ।
ਹਰਜਿੰਦਰ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਲਾਜ ਲਈ ਉਸ ਨੂੰ ਅਮਰੀਕਾ ਭੇਜਿਆ ਗਿਆ। ਕੁਝ ਸਮਾਂ ਬਾਅਦ ਉਹ ਫਿਰ ਭਾਰਤ ਆਇਆ ਸੀ ਅਤੇ ਹੁਣ ਕੁਝ ਮਹੀਨੇ ਪਹਿਲਾਂ ਹੀ ਅਮਰੀਕਾ ਵਾਪਸ ਗਿਆ ਸੀ ਅਤੇ ਇਲਾਜ ਦੌਰਾਨ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ।
ਉਨ੍ਹਾਂ ਨੇ ਦੱਸਿਆ ਕਿ ਅਮਰੀਕਾ ‘ਚ ਕੁਲਵਿੰਦਰ ਸਿੰਘ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਪਰ ਉਸ ਦੇ ਕਤਲ ਲਈ ਜ਼ਿੰਮੇਵਾਰ ਲੋਕ ਅਦਾਲਤ ਤੋਂ ਜ਼ਮਾਨਤ ਕਰਵਾ ਕੇ ਬਾਹਰ ਘੁੰਮ ਰਹੇ ਹਨ। ਉਸ ਦੀ ਮੌਤ ਸਬੰਧੀ ਹੁਣ ਤਾਂ ਉਸ ਨੂੰ ਜ਼ਖ਼ਮੀ ਕਰਨ ਅਤੇ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣੀ ਵੀ ਮੁਸ਼ਕਿਲ ਹੋ ਗਈ ਹੈ। ਪਰਿਵਾਰਕ ਅਤੇ ਪਿੰਡ ਦੇ ਲੋਕਾਂ ਨੇ ਕੁਲਵਿੰਦਰ ਸਿੰਘ ਦੀ ਲਾਸ਼ ਨੂੰ ਜਲਦੀ ਭਾਰਤ ਮੰਗਵਾਉਣ ਦੀ ਸਰਕਾਰ ਤੋਂ ਗੁਹਾਰ ਲਗਾਈ ਹੈ।

Leave a comment