ਗੁਰਜਤਿੰਦਰ ਰੰਧਾਵਾ ਦੀ ਕਿਤਾਬ ‘ਆਵਾਜ਼-ਏ-ਪ੍ਰਵਾਸ’ ਲੋਕ ਅਰਪਣ

725

ਪਟਿਆਲਾ, 18 ਮਾਰਚ (ਪੰਜਾਬ ਮੇਲ)- ਪੰਜਾਬ ਮੇਲ ਯੂ.ਐੱਸ.ਏ. ਦੇ ਸੰਪਾਦਕ ਗੁਰਜਤਿੰਦਰ ਸਿੰਘ ਰੰਧਾਵਾ ਦੀ ਲਿਖੀ ਛੇਵੀਂ ਪੁਸਤਕ ‘ਆਵਾਜ਼-ਏ-ਪ੍ਰਵਾਸ’ ਖਾਲਸਾ ਕਾਲਜ ਵਿਖੇ ਹੋਈ ਗਲੋਬਲ ਪੰਜਾਬੀ ਕਾਨਫਰੰਸ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਕਮੇਟੀ ਡਾਇਰੈਕਟਰ ਐਜੂਕੇਸ਼ਨ ਡਾ. ਤਜਿੰਦਰ ਕੌਰ ਧਾਲੀਵਾਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਹੋਰਨਾਂ ਸ਼ਖਸੀਅਤਾਂ ਵਿਚ ਡਾ. ਸੁਰਜੀਤ ਸਿੰਘ ਰੱਖੜਾ, ਪਿੰ੍ਰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਡਾ. ਸਤੀਸ਼ ਕੁਮਾਰ ਵਰਮਾ, ਡਾ. ਸੁਰਜੀਤ ਸਿੰਘ ਭੱਟੀ ਅਤੇ ਪ੍ਰੋ. ਅੱਛਰੂ ਸਿੰਘ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ 200 ਤੋਂ ਵੱਧ ਸਕਾਲਰ ਸਮਾਗਮ ਵਿਚ ਹਾਜ਼ਰ ਸਨ। ਇਸ ਦੌਰਾਨ ਸ. ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਮੇਲ ਅਖ਼ਬਾਰ ਦੀਆਂ ਸੰਪਾਦਕੀਆਂ ਰਾਹੀਂ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨਾਲ ਸੰਬੰਧਤ ਹਰ ਮੁੱਦੇ ਨੂੰ ਉਜਾਗਰ  ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਉਭਾਰਨ ਲਈ ਅਤੇ ਹੱਲ ਲਈ ਲਗਾਤਾਰ ਆਵਾਜ਼ ਉਠਾਈ ਜਾਂਦੀ ਹੈ। ਸ. ਰੰਧਾਵਾ ਨੇ ਕਿਹਾ ਕਿ ਇਹ ਕਿਤਾਬ ਵੱਖ-ਵੱਖ ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ‘ਚ ਪਹੁੰਚਾਈ ਜਾਵੇਗੀ, ਤਾਂਕਿ ਇਸ ਨੂੰ ਇਕ ਰੈਫਰੈਂਸ ਕਿਤਾਬ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਸਕੇ। ਸ. ਰੰਧਾਵਾ ਨੇ ਖਾਲਸਾ ਕਾਲਜ ਪਟਿਆਲਾ ਦੀ ਸਮੂਹ ਮੈਨੇਜਮੈਂਟ ਦਾ ਕਿਤਾਬ ਨੂੰ ਰਿਲੀਜ਼ ਕਰਨ ‘ਤੇ ਧੰਨਵਾਦ ਕੀਤਾ।