ਸੂਰਤ, 5 ਸਤੰਬਰ (ਪੰਜਾਬ ਮੇਲ)- ਗੁਜਰਾਤ ਦੇ ਸੂਰਤ ਸ਼ਹਿਰ ‘ਚ ਵੈੱਬਸਾਈਟ ਦੀ ਵਰਤੋਂ ਕਰਕੇ ਫਰਜ਼ੀ ਆਧਾਰ, ਪੈਨ ਕਾਰਡ ਅਤੇ ਵੋਟਰ ਆਈ.ਡੀ. ਕਾਰਡ ਬਣਾਉਣ ਦੇ ਦੋਸ਼ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਹ ਮਾਮਲਾ ਕੌਮੀ ਸੁਰੱਖਿਆ ਲਈ ਗੰਭੀਰ ਖਤਰਾ ਹੈ ਕਿਉਂਕਿ ਮੁਲਜ਼ਮ ਸਰਕਾਰੀ ਸੂਚਨਾ ਹਾਸਲ ਕਰ ਰਹੇ ਹਨ, ਜੋ ਗੈਰ-ਕਾਨੂੰਨੀ ਅਤੇ ਗੰਭੀਰ ਮੁੱਦਾ ਹੈ। ਉਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਧੋਖੇ ਨਾਲ ਆਧਾਰ ਅਤੇ ਪੈਨ ਕਾਰਡ ਵਰਗੇ ਦੋ ਲੱਖ ਪਛਾਣ ਪੱਤਰ ਤਿਆਰ ਕੀਤੇ ਅਤੇ 15 ਤੋਂ 200 ਰੁਪਏ ਵਿਚ ਵੇਚ ਦਿੱਤੇ। ਸਹਾਇਕ ਪੁਲਿਸ ਕਮਿਸ਼ਨਰ (ਆਰਥਿਕ ਅਪਰਾਧ ਵਿੰਗ) ਵੀ.ਕੇ. ਪਰਮਾਰ ਨੇ ਕਿਹਾ ਕਿ ਨਿੱਜੀ ਰਿਣਦਾਤਾ ਬੈਂਕ ਦੇ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਨੂੰ ਦੋ ਹਫ਼ਤੇ ਪਹਿਲਾਂ ਜਾਅਲਸਾਜ਼ੀ ਅਤੇ ਧੋਖਾਧੜੀ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ‘ਚ ਕਿਹਾ ਹੈ ਕਿ ਕੁਝ ਵਿਅਕਤੀਆਂ ਨੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ‘ਤੇ ਕਰਜ਼ਾ ਲਿਆ ਸੀ ਅਤੇ ਉਸ ਨੂੰ ਵਾਪਸ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ ਪੁੱਛ-ਪੜਤਾਲ ਦੌਰਾਨ ਗ੍ਰਿਫ਼ਤਾਰ ਕੀਤੇ ਛੇ ਮੁਲਜ਼ਮਾਂ ਵਿਚੋਂ ਇੱਕ ਦੀ ਪਛਾਣ ਪ੍ਰਿੰਸ ਹੇਮੰਤ ਪ੍ਰਸਾਦ ਵਜੋਂ ਹੋਈ ਹੈ। ਮੁਲਜ਼ਮ ਨੇ ਕਿਹਾ ਕਿ ਉਸ ਨੇ 15-50 ਰੁਪਏ ਪ੍ਰਤੀ ਦਸਤਾਵੇਜ਼ ਦੇ ਭੁਗਤਾਨ ‘ਤੇ ਜਾਅਲੀ ਆਧਾਰ ਅਤੇ ਪੈਨ ਕਾਰਡ ਡਾਊਨਲੋਡ ਕਰਨ ਲਈ ਆਪਣੇ ਰਜਿਸਟਰਡ ਯੂਜ਼ਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਕੇ ਵੈੱਬਸਾਈਟ ਤੱਕ ਪਹੁੰਚ ਕੀਤੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਵੈੱਬਸਾਈਟ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਸੋਮਨਾਥ ਪ੍ਰਮੋਦਕੁਮਾਰ ਵਾਸੀ ਗੰਗਾਨਗਰ, ਰਾਜਸਥਾਨ ਨੂੰ ਹਾਲ ਹੀ ਵਿਚ ਤਕਨੀਕੀ ਨਿਗਰਾਨੀ ਰਾਹੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਨਾਂ ਵੈੱਬਸਾਈਟ ‘ਤੇ ਫੋਨ ਨੰਬਰ ਨਾਲ ਜੁੜਿਆ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਹੁਣ ਤੱਕ ਉਸ ‘ਤੇ ਹੀ ਇਸ ਅਪਰਾਧ ਦਾ ਮੁੱਖ ਸਾਜ਼ਿਸ਼ਘਾੜਾ ਹੋਣ ਦਾ ਸ਼ੱਕ ਹੈ। ਅਧਿਕਾਰੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਉਨਾਓ ਦੇ ਰਹਿਣ ਵਾਲੇ ਪ੍ਰੇਮਵੀਰ ਸਿੰਘ ਠਾਕੁਰ, ਜਿਸ ਦੇ ਨਾਂ ‘ਤੇ ਵੈੱਬਸਾਈਟ ਬਣਾਈ ਗਈ ਸੀ, ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ, ‘ਇਹ ਕੌਮੀ ਸੁਰੱਖਿਆ ਦਾ ਗੰਭੀਰ ਮਾਮਲਾ ਹੈ, ਸੰਭਵ ਹੈ ਕਿ ਇਸ ਪਿੱਛੇ ਹੋਰ ਲੋਕਾਂ ਦਾ ਹੱਥ ਹੋਵੇ। ਪੁਲਿਸ ਨੇ ਪ੍ਰਮੋਦ ਕੁਮਾਰ ਅਤੇ ਉਸ ਦੀ ਮਾਂ ਦੇ ਬੈਂਕ ਖਾਤਿਆਂ ‘ਚੋਂ 25 ਲੱਖ ਰੁਪਏ ਜ਼ਬਤ ਕਰ ਲਏ ਹਨ।