#AMERICA

ਗਾਰਸੇਟੀ ਨੇ ਭਾਰਤ ਲਈ ਅਮਰੀਕਾ ਦੇ ਰਾਜਦੂਤ ਵਜੋਂ ਸਹੁੰ ਚੁੱਕੀ

* ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਦਿਵਾਇਆ ਹਲਫ਼
ਵਾਸ਼ਿੰਗਟਨ, 29 ਮਾਰਚ (ਪੰਜਾਬ ਮੇਲ)-ਰਾਸ਼ਟਰਪਤੀ ਜੋਅ ਬਾਇਡਨ ਦੇ ਕਰੀਬੀ ਐਰਿਕ ਗਾਰਸੇਟੀ ਨੇ ਬੀਤੇ ਦਿਨੀਂ ਅਧਿਕਾਰਤ ਤੌਰ ‘ਤੇ ਭਾਰਤ ਲਈ ਅਮਰੀਕਾ ਦੇ ਰਾਜਦੂਤ ਵਜੋਂ ਸਹੁੰ ਚੁੱਕ ਲਈ। ਉਨ੍ਹਾਂ ਨੂੰ ਸਹੁੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਚੁਕਾਈ। ਦੱਸਣਯੋਗ ਹੈ ਕਿ ਵਾਸ਼ਿੰਗਟਨ ਦੀ ਇਸ ਸਭ ਤੋਂ ਮਹੱਤਵਪੂਰਨ ਕੂਟਨੀਤਿਕ ਅਸਾਮੀ ਨੂੰ ਭਰਨ ਵਿਚ ਦੋ ਸਾਲਾਂ ਦੀ ਦੇਰੀ ਹੋਈ ਹੈ। ਸਹੁੰ ਚੁੱਕ ਸਮਾਗਮ ‘ਚ ਐਰਿਕ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ, ਜਿਨ੍ਹਾਂ ਵਿਚ ਉਨ੍ਹਾਂ ਦੀ ਪਤਨੀ ਐਮੀ, ਮਾਤਾ-ਪਿਤਾ ਤੇ ਧੀ ਸ਼ਾਮਲ ਸਨ। ਗਾਰਸੇਟੀ (52) ਨੇ ਕਿਹਾ, ‘ਬਹੁਤ ਚੰਗਾ ਲੱਗ ਰਿਹਾ ਹੈ, ਕੰਮ ਉਤੇ ਜਾਣ ਦੀ ਬੇਸਬਰੀ ਨਾਲ ਉਡੀਕ ਹੈ।’ ਜ਼ਿਕਰਯੋਗ ਹੈ ਕਿ ਲਾਸ ਏਂਜਲਸ ਦੇ ਸਾਬਕਾ ਮੇਅਰ ਐਰਿਕ ਦੀ ਨਾਮਜ਼ਦਗੀ ਜੁਲਾਈ 2021 ਤੋਂ ਅਮਰੀਕੀ ਕਾਂਗਰਸ ਕੋਲ ਬਕਾਇਆ ਪਈ ਸੀ। ਉਸ ਵੇਲੇ ਉਨ੍ਹਾਂ ਨੂੰ ਰਾਸ਼ਟਰਪਤੀ ਬਾਇਡਨ ਨੇ ਨਾਮਜ਼ਦ ਕੀਤਾ ਸੀ।
ਗਾਰਸੇਟੀ ਦੀ ਨਾਮਜ਼ਦਗੀ ਪੱਕੀ ਕਰਨ ਲਈ ਸੈਨੇਟ ‘ਚ ਵੋਟਿੰਗ ਹੋਈ ਹੈ। ਉਨ੍ਹਾਂ ਦੇ ਹੱਕ ਵਿਚ 52 ਵੋਟਾਂ ਪਈਆਂ। ਕੁਝ ਮੈਂਬਰਾਂ ਨੇ ਇਤਰਾਜ਼ ਜਤਾਇਆ ਸੀ ਕਿ ਗਾਰਸੇਟੀ ਨੇ ਆਪਣੇ ਉਤੇ ਲੱਗੇ ਕਥਿਤ ਜਿਨਸੀ ਦੁਰਵਿਹਾਰ ਤੇ ਤੰਗ ਕਰਨ ਦੇ ਦੋਸ਼ਾਂ ਨਾਲ ਢੁੱਕਵੇਂ ਢੰਗ ਨਾਲ ਨਹੀਂ ਨਜਿੱਠਿਆ। ਉਨ੍ਹਾਂ ‘ਤੇ ਇਹ ਇਲਜ਼ਾਮ ਇਕ ਸਾਬਕਾ ਸੀਨੀਅਰ ਸਲਾਹਕਾਰ ਨੇ ਲਾਏ ਸਨ। ਗਾਰਸੇਟੀ ਵੱਲੋਂ ਸਹੁੰ ਚੁੱਕਣ ਤੋਂ ਕੁਝ ਦੇਰ ਬਾਅਦ ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਵੇਂ ਰਾਜਦੂਤ ਨੂੰ ਵਧਾਈ ਦਿੱਤੀ।

Leave a comment