#OTHERS

ਗਾਜ਼ਾ ’ਚ ਕੋਈ ਵੀ ਥਾਂ ਸੁਰੱਖਿਅਤ ਨਹੀਂ ਰਹੀ

ਖਾਨ ਯੂਨਿਸ, 20 ਅਕਤੂਬਰ (ਪੰਜਾਬ ਮੇਲ)- ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਲੋਕਾਂ ਨੂੰ ਦੱਖਣ ਵੱਲ ਜਾਣ ਦੇ ਭਾਵੇਂ ਹੁਕਮ ਦਿੱਤੇ ਹਨ ਪਰ ਉਹ ਕਿਤੇ ਵੀ ਸੁਰੱਖਿਅਤ ਦਿਖਾਈ ਨਹੀਂ ਦੇ ਰਹੇ ਹਨ। ਇਜ਼ਰਾਈਲ ਨੇ ਵੀਰਵਾਰ ਤੜਕੇ ਦੱਖਣ ਸਮੇਤ ਗਾਜ਼ਾ ਪੱਟੀ ’ਚ ਕਈ ਥਾਵਾਂ ’ਤੇ ਹਵਾਈ ਹਮਲੇ ਕੀਤੇ ਜਿਸ ’ਚ ਕਈ ਜਾਨਾਂ ਜਾਣ ਦਾ ਖ਼ਦਸ਼ਾ ਹੈ। ਹਮਾਸ ਵੱਲੋਂ ਦੱਖਣੀ ਇਜ਼ਰਾਈਲ ’ਚ ਕੀਤੇ ਵਹਿਸ਼ੀ ਹਮਲੇ ਮਗਰੋਂ ਇਜ਼ਰਾਇਲੀ ਫ਼ੌਜ ਗਾਜ਼ਾ ’ਚ ਲਗਾਤਾਰ ਹਮਲੇ ਕਰ ਰਹੀ ਹੈ। ਦੱਖਣੀ ਗਾਜ਼ਾ ਦੇ ਸ਼ਹਿਰ ਖਾਨ ਯੂਨਿਸ ਦੀ ਇਕ ਰਿਹਾਇਸ਼ੀ ਇਮਾਰਤ ਸਮੇਤ ਹੋਰ ਥਾਵਾਂ ’ਤੇ ਇਜ਼ਰਾਈਲ ਨੇ ਬੰਬਾਰੀ ਕੀਤੀ। ਨਾਸਿਰ ਹਸਪਤਾਲ ਦੇ ਡਾਕਟਰਾਂ ਦਾ ਦਾਅਵਾ ਹੈ ਕਿ ਉਥੇ ਘੱਟੋ ਘੱਟ 12 ਲਾਸ਼ਾਂ ਅਤੇ ਜ਼ਖ਼ਮੀ ਹਾਲਤ ’ਚ 40 ਵਿਅਕਤੀ ਪਹੁੰਚੇ ਹਨ। ਇਹ ਬੰਬਾਰੀ ਉਸ ਸਮੇਂ ਹੋਈ ਹੈ ਜਦੋਂ ਇਜ਼ਰਾਈਲ ਨੇ ਬੁੱਧਵਾਰ ਨੂੰ ਮਿਸਰ ਨੂੰ ਗਾਜ਼ਾ ’ਚ ਸੀਮਤ ਮਾਨਵੀ ਸਹਾਇਤਾ ਭੇਜਣ ਦੀ ਇਜਾਜ਼ਤ ਦਿੱਤੀ ਹੈ। ਗਾਜ਼ਾ ਦੇ 23 ਲੱਖ ਲੋਕਾਂ ’ਚੋਂ ਬਹੁਤੇ ਦਿਨ ’ਚ ਇਕ ਸਮੇਂ ਦਾ ਖਾਣਾ ਖਾ ਰਹੇ ਹਨ ਅਤੇ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਗਾਜ਼ਾ ਸਿਟੀ ’ਚ 10 ਲੱਖ ਤੋਂ ਜ਼ਿਆਦਾ ਫਲਸਤੀਨੀ ਆਪਣਾ ਘਰ-ਬਾਰ ਛੱਡ ਕੇ ਹੋਰ ਥਾਵਾਂ ’ਤੇ ਚਲੇ ਗਏ ਹਨ। ਬਹੁਤੇ ਲੋਕ ਸੰਯੁਕਤ ਰਾਸ਼ਟਰ ਵੱਲੋਂ ਚਲਾਏ ਜਾ ਰਹੇ ਸਕੂਲਾਂ ਜਾਂ ਰਿਸ਼ਤੇਦਾਰਾਂ ਦੇ ਘਰਾਂ ’ਚ ਰਹਿਣ ਲੱਗ ਪਏ ਹਨ। ਖਾਨ ਯੂਨਿਸ ’ਚ ਇਮਾਰਤ ਦੇ ਮਲਬੇ ’ਚੋਂ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਮਲਬੇ ਹੇਠਾਂ ਕਈ ਲੋਕਾਂ ਦੇ ਫਸਣ ਦਾ ਖ਼ਦਸ਼ਾ ਜਤਾਇਆ ਗਿਆ ਹੈ।

Leave a comment