#Featured

ਗ਼ਜ਼ਲ ਮੰਚ ਸਰੀ ਵੱਲੋਂ ਸ਼ਾਇਰ ਪਾਲ ਢਿੱਲੋਂ ਦੀ ਪੁਸਤਕ ‘ਸੁਪਨੇ ਵਾਲੀਆਂ ਅੱਖਾਂ’ ਉੱਪਰ ਗੋਸ਼ਟੀ

ਸਰੀ, 29 ਅਗਸਤ (ਹਰਦਮ ਮਾਨ/ਪੰਜਾਬ ਮੇਲ)- ਗ਼ਜ਼ਲ ਮੰਚ ਸਰੀ ਵੱਲੋਂ ਕੈਨੇਡਾ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਪਾਲ ਢਿੱਲੋਂ ਦੇ ਨਵ-ਪ੍ਰਕਾਸ਼ਿਤ ਗ਼ਜ਼ਲ ਸੰਗ੍ਰਹਿ ‘ਸੁਪਨੇ ਵਾਲੀਆਂ ਅੱਖਾਂ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ-ਚਰਚਾ ਕਰਨ ਲਈ ਬੀਤੇ ਦਿਨੀਂ ਨਿਊਟਨ ਲਾਇਬਰੇਰੀ ਸਰੀ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਨਾਮਵਰ ਵਿਦਵਾਨ ਡਾ. ਸਾਧੂ ਸਿੰਘ, ਉਸਤਾਦ ਸ਼ਾਇਰ ਨਦੀਮ ਪਰਮਾਰ, ਗ਼ਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਸ਼ਾਇਰ ਪਾਲ ਢਿੱਲੋਂ ਨੇ ਕੀਤੀ।
ਸਮਾਗਮ ਦੇ ਆਗਾਜ਼ ‘ਚ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਪੰਜਾਬੀ ਸਾਹਿਤਕਾਰ ਹਰਭਜਨ ਹੁੰਦਲ, ਦੇਸ ਰਾਜ ਕਾਲੀ, ਬਾਰੂ ਸਤਵਰਗ, ਜਗਸੀਰ ਵਿਯੋਗੀ, ਸੁਬੇਗ ਸੱਧਰ ਅਤੇ ਸ਼ਿਵ ਨਾਥ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਨਦੀਮ ਪਰਮਾਰ ਨੇ ‘ਸੁਪਨੇ ਵਾਲੀਆਂ ਅੱਖਾਂ’ ਅਤੇ ਪਾਲ ਢਿੱਲੋਂ ਬਾਰੇ ਸੰਖੇਪ ਜਾਣਕਾਰੀ ਦਿੱਤੀ। ਰਾਜਵੰਤ ਰਾਜ, ਕ੍ਰਿਸ਼ਨ ਭਨੋਟ, ਡਾ. ਹਰਜੋਤ ਖਹਿਰਾ, ਪ੍ਰੀਤ ਮਨਪ੍ਰੀਤ ਨੇ ਇਸ ਪੁਸਤਕ ਬਾਰੇ ਆਪੋ-ਆਪਣੇ ਵਿਚਾਰ ਪੇਸ਼ ਕੀਤੇ। ਦਵਿੰਦਰ ਗੌਤਮ ਨੇ ਨਰਿੰਦਰ ਬਾਈਆ ਅਰਸ਼ੀ ਦੁਆਰਾ ਲਿਖਿਆ ਪਰਚਾ ਪੜ੍ਹਿਆ।
ਪ੍ਰਸਿੱਧ ਸ਼ਾਇਰ ਅਤੇ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਬਹੁਤ ਮਕਬੂਲ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਹੀ ਨਹੀਂ, ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋ. ਮੋਹਨ ਸਿੰਘ, ਸ਼ਿਵ ਕੁਮਾਰ ਬਟਾਲਵੀ ਅਤੇ ਇੱਥੋਂ ਤੱਕ ਕਿ ਅੰਮ੍ਰਿਤਾ ਪ੍ਰੀਤਮ ਨੇ ਵੀ ਗ਼ਜ਼ਲ ਲਿਖਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਹੀਂ ਹੋਏ। ਪਾਲ ਢਿੱਲੋਂ ਦੀ ਸ਼ਾਇਰੀ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਸ਼ਾਇਰੀ ਬੇਹੱਦ ਵਸੀਹ ਹੈ। ਇਨ੍ਹਾਂ ਦੀ ਸ਼ਾਇਰੀ ‘ਚ ਪੰਜਾਬ ਦੇ ਦੁਖਾਂਤ ਅਤੇ ਜਨਮ ਭੂਮੀ ਦੇ ਮੋਹ ਨਾਲ ਸੰਬੰਧਤ ਬਹੁਤ ਹੀ ਖੂਬਸੂਰਤ ਸ਼ਿਅਰ ਬੜੀ ਸ਼ਿੱਦਤ ਨਾਲ ਪੇਸ਼ ਹੋਏ ਹਨ।
‘ਸੁਪਨੇ ਵਾਲੀਆਂ ਅੱਖਾਂ’ ਪੁਸਤਕ ਰਿਲੀਜ਼ ਕਰਨ ਉਪਰੰਤ ਡਾ. ਸਾਧੂ ਸਿੰਘ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਬਖਸ਼ਿੰਦਰ, ਅੰਗਰੇਜ਼ ਬਰਾੜ, ਹਰਦਮ ਸਿੰਘ ਮਾਨ, ਭੁਪਿੰਦਰ ਮੱਲ੍ਹੀ, ਸ਼ਿੰਦਾ ਢਿੱਲੋਂ, ਨਦੀਮ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਪਾਲ ਢਿੱਲੋਂ ਨੂੰ ਮੁਬਾਰਕਬਾਦ ਦਿੱਤੀ। ਅੰਤ ਵਿਚ ਮੰਚ ਸੰਚਾਲਕ ਦਵਿੰਦਰ ਗੌਤਮ ਨੇ ਸਮਾਗਮ ਵਿਚ ਹਾਜਰ ਹੋਏ ਸਭਨਾਂ ਮਹਿਮਾਨਾਂ, ਵਿਦਵਾਨਾਂ, ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ।

Leave a comment