#CANADA

ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਗੀਤਕਾਰ ਵਿਜੇ ਧੰਮੀ ਅਤੇ ਪ੍ਰਭਜੋਤ ਸੋਹੀ ਨਾਲ ਰੂਬਰੂ

ਸਰੀ, 21 ਜੂਨ (ਹਰਦਮ ਮਾਨ/ਪੰਜਾਬ ਮੇਲ)- ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬ ਤੋਂ ਆਏ ਪ੍ਰਸਿੱਧ ਗੀਤਕਾਰ ਵਿਜੇ ਧੰਮੀ ਅਤੇ ਪ੍ਰਭਜੋਤ ਸੋਹੀ ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਮਹਿਮਾਨ ਸ਼ਾਇਰਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਗ਼ਜ਼ਲ ਮੰਚ ਲਈ ਬੜੇ ਖੁਸ਼ੀ ਦੇ ਪਲ ਹਨ ਕਿ ਆਪਣੇ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਮਹਿਕ ਦੇਸ਼ਾਂ, ਵਿਦੇਸ਼ਾਂ ਵਿਚ ਪੁਚਾਉਣ ਵਾਲੇ ਗੀਤਕਾਰ ਸਾਡੀ ਮਹਿਫ਼ਿਲ ਦਾ ਸ਼ਿੰਗਾਰ ਬਣੇ ਹਨ।
ਉਪਰੰਤ ਆਪਣੀ ਲੇਖਣ ਕਲਾ ਅਤੇ ਅਨੁਭਵ ਸਾਂਝੇ ਕਰਦਿਆਂ ਵਿਜੇ ਧੰਮੀ ਨੇ ਦੱਸਿਆ ਕਿ ਉਸ ਨੇ ਆਪਣੀ ਸ਼ਾਇਰੀ ਦੀ ਸ਼ੁਰੂਆਤ ਗ਼ਜ਼ਲ ਰਚਨਾ ਤੋਂ ਕੀਤੀ ਅਤੇ ਉਸ ਦੀਆਂ ਗ਼ਜ਼ਲਾਂ ਪ੍ਰਮੁੱਖ ਰਸਾਲਿਆਂ ਵਿਚ ਛਪਦੀਆਂ ਵੀ ਰਹੀਆਂ। ਗੁਰਦਾਸ ਮਾਨ ਦੇ ਗੀਤਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਗੀਤਾਂ ਨੂੰ ਸਾਹਿਤਕ ਰੰਗ ਨਾਲ ਸ਼ਿੰਗਾਰਨ ਦੀ ਇੱਛਾ ਲੈ ਕੇ ਉਸ ਨੇ ਗੀਤ ਲਿਖਣੇ ਸ਼ੁਰੂ ਕਰ ਦਿੱਤੇ। ਹੰਸ ਰਾਜ ਵੱਲੋਂ ਗਾਏ ਉਸ ਦੇ ਗੀਤ ‘ਲਾਲੀ ਨੈਣਾਂ ਦੀ ਰੜਕਦੀ ਛੱਡ ਗਏ ਸੁਪਨੇ ਸੰਧੂਰੀ ਰੰਗ ਦੇ’ ਤੇ ‘ਇਸ਼ਕੇ ਦੀ ਬਰਸਾਤ’ ਅਤੇ ਹਰਭਜਨ ਮਾਨ ਦੀ ਆਵਾਜ਼ ਵਿਚ ‘ਜੱਗ ਜਿਉਂਦਿਆਂ ਮੇਲੇ’ ਗੀਤ ਦੀ ਮਕਬੂਲੀਅਤ ਨਾਲ ਉਸ ਨੂੰ ਬੜਾ ਉਤਸ਼ਾਹ ਮਿਲਿਆ। ਉਸ ਨੇ ਦੱਸਿਆ ਕਿ ਹੁਣ ਤੱਕ ਉਸ ਦੇ 350 ਤੋਂ ਵੱਧ ਗੀਤ ਰਿਕਾਰਡ ਹੋ ਚੁੱਕੇ ਹਨ ਜਿਨ੍ਹਾਂ ਨੂੰ ਚੋਟੀ ਦੇ ਪੰਜਾਬੀ ਗਾਇਕਾਂ ਨੇ ਆਪਣੇ ਸੁਰੀਲੇ ਸੁਰਾਂ ਰਾਹੀਂ ਪੇਸ਼ ਕੀਤਾ ਹੈ। ਉਸ ਨੇ ਕਿਹਾ ਕਿ ਹਮੇਸ਼ਾ ਏਹੀ ਕੋਸ਼ਿਸ਼ ਰਹੀ ਹੈ ਕਿ ਗੀਤ ਵਿੱਚੋਂ ਸਾਹਿਤਕ ਖੁਸ਼ਬੂ ਆਵੇ ਅਤੇ ਕਦੇ ਵੀ ਅਜਿਹੀ ਝਲਕ ਨਾ ਮਿਲੇ ਕਿ ਸ਼ਰਮਸ਼ਾਰ ਹੋਣਾ ਪਵੇ। ਇਸ ਮੌਕੇ ਉਸ ਨੇ ਆਪਣਾ ਇਕ ਗੀਤ ਅਤੇ ਦੋ ਗ਼ਜ਼ਲਾਂ ਤਰੰਨੁਮ ਵਿਚ ਪੇਸ਼ ਕੀਤੀਆਂ-
‘ਗੁਆਚੇ ਵਕਤ ਦਾ ਅਹਿਸਾਸ ਹੈ ਮੈਂ ਸਿਰ ਝੁਕਾ ਲੈਨਾਂ
ਬਣਾ ਕੇ ਮੋਰ ਕਾਗਜ਼ ਤੇ ਹੀ ਮੈਂ ਪੈਲਾਂ ਪੁਆ ਲੈਨਾਂ
ਚੁਰਾ ਜੱਜੇ ਦੇ ਪੈਰਾਂ ਚੋਂ ਧਰਾਂ ਬਿੰਦੀ ਤੇਰੇ ਮੱਥੇ
ਸਜ਼ਾ ਜੋ ਵੀ ਮਿਲੇ ਮੈਨੂੰ ਖਿੜੇ ਮੱਥੇ ਸਜਾ ਲੈਨਾਂ’
ਦੂਜੇ ਮਹਿਮਾਨ ਗੀਤਕਾਰ ਪ੍ਰਭਜੋਤ ਸੋਹੀ ਨੇ ਆਪਣੇ ਜੀਵਨ, ਰਚਨਾਤਮਿਕ ਕਾਰਜ ਅਤੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਛੋਟੇ ਹੁੰਦਿਆਂ ਹੀ ਸਕੂਲ ਵਿਚ ਬਾਲ ਸਭਾ ਤੋਂ ਗਾਉਣ ਦੀ ਚੇਟਕ ਲੱਗ ਗਈ ਸੀ, ਫਿਰ ਨਗਰ ਕੀਰਤਨਾਂ ਵਿਚ ਗਾਉਣਾ ਸ਼ੁਰੂ ਕਰ ਦਿੱਤਾ ਅਤੇ ਕਾਲਜ ਵਿਚ ਪੜ੍ਹਦਿਆਂ ਪ੍ਰੋ. ਨਰਿੰਜਨ ਤਸਨੀਮ, ਪ੍ਰੋ. ਬਾਵਾ ਸਿੰਘ, ਪ੍ਰੋ. ਕਾਲੀਆ ਤੋਂ ਮਿਲੀ ਯੋਗ ਅਗਵਾਈ ਸਦਕਾ ਕਵਿਤਾ ਲਿਖਣ ਵੱਲ ਰੁਚਿਤ ਹੋ ਗਿਆ। ਨਾਟਕਾਂ ਵਿਚ ਵੀ ਹਿੱਸਾ ਲਿਆ ਅਤੇ ਪੰਜਾਬ ਯੂਨੀਵਰਸਿਟੀ ਦਾ ਬੈਸਟ ਐਕਟਰ ਵੀ ਬਣਿਆਂ। ਫਿਰ ਸਾਹਿਤ ਸਭਾ ਜਗਰਾਓਂ ਨਾਲ ਜੁੜ ਕੇ ਪ੍ਰਸਿੱਧ ਸ਼ਾਇਰ ਸ਼ਾਕਿਰ ਪੁਰਸਾਰਥੀ, ਕੇਸਰ ਸਿੰਘ ਨੀਰ, ਅਜੀਤ ਪਿਆਸਾ ਤੋਂ ਬਹੁਤ ਕੁਝ ਸਿੱਖਿਆ। ਉਸ ਨੇ ‘ਕਵਿਤਾ ਕੁੰਭ’ ਦੀਆਂ ਸਰਗਰਮੀਆਂ ਅਤੇ ਆਪਣੀਆਂ ਪ੍ਰਕਾਸ਼ਿਤ ਤਿੰਨ ਪੁਸਤਕਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਕੁਝ ਕਾਵਿ ਰਚਨਾਵਾਂ ‘ਪ੍ਰਭਜੋਤ ਸੋਹੀ ਨੂੰ ਮਿਲਦਿਆਂ’, ‘ਸਾਦੀ ਜਿਹੀ ਕਵਿਤਾ, ਕੁਝ ਸ਼ਿਅਰ ਤੇ ਗੀਤ ਸੁਣਾਏ-
‘ਉਸ ਦੇ ਹਰ ਇਕ ਗੀਤ ਦੀ ਤੂੰ ਇਕਲੌਤੀ ਧੁਨ ਸੀ
ਉਹ ਚੁੱਪ ਦੇ ਅਰਥ ਸੀ ਸਿਰਜਦਾ ਤੂੰ ਬੋਲਣ ਵਿਚ ਨਿਪੁੰਨ ਸੀ’
ਗ਼ਜ਼ਲ ਮੰਚ ਵੱਲੋਂ ਦੋਹਾਂ ਸ਼ਾਇਰਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰਭਜੋਤ ਸੋਹੀ ਦੇ ਗੀਤਾਂ ਦੀ ਪੁਸਤਕ ‘ਸੰਦਲੀ ਬਾਗ਼’ ਰਿਲੀਜ਼ ਕੀਤੀ ਗਈ। ਇਸ ਪ੍ਰੋਗਰਾਮ ਵਿਚ ਨਾਮਵਰ ਸ਼ਾਇਰ ਅਤੇ ਮੰਚ ਦੇ ਪ੍ਰਧਾਨ ਜਸਵਿੰਦਰ, ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਦਵਿੰਦਰ ਗੌਤਮ, ਹਰਦਮ ਮਾਨ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਅਤੇ ਗੁਰਮੀਤ ਸਿੱਧੂ ਨੇ ਆਪੋ ਆਪਣਾ ਕਲਾਮ ਪੇਸ਼ ਕੀਤਾ।

Leave a comment