20.5 C
Sacramento
Friday, June 2, 2023
spot_img

ਗਰੀਬਾਂ ਤੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ਚ ਘਪਲਾ ਕਰਨ ਵਾਲੀ ਦੋਸ਼ਣ ਔਰਤ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਚੰਡੀਗੜ 24 ਮਾਰਚ (ਪੰਜਾਬ ਮੇਲ)- ਭਾਰਤ ਸਰਕਾਰ ਦੀ ਇੰਦਰਾ ਅਵਾਸ ਯੋਜਨਾ ਤਹਿਤ ਗਰੀਬ ਅਤੇ ਬੇਘਰਿਆਂ ਲਈ ਸਾਲ 2012 ਵਿੱਚ ਗ੍ਰਾਮ ਪੰਚਾਇਤ ਪਿੰਡ ਮਹਿਮਦਵਾਲ, ਜਿਲਾ ਕਪੂਰਥਲਾ ਨੂੰ ਪ੍ਰਾਪਤ ਹੋਈ ਕੁੱਲ 13,50,000 ਰੁਪਏ ਦੀ ਗ੍ਰਾਂਟ ਵਿੱਚੋਂ ਮਿਲੀਭੁਗਤ ਰਾਹੀਂ ਕੁੱਲ 45,000 ਰੁਪਏ ਰਾਸ਼ੀ ਹੜੱਪਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਸ਼ੁੱਕਰਵਾਰ ਨੂੰ ਪਿੰਡ ਗੌਰੇ ਦੀ ਦੋਸ਼ਣ ਚਰਨ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਹ ਪਿਛਲੇ 4 ਸਾਲ ਤੋਂ ਫਰਾਰ ਚਲੀ ਆ ਰਹੀ ਸੀ। ਵਰਨਣਯੋਗ ਹੈ ਕਿ ਛੇ ਸਾਲ ਪਹਿਲਾਂ ਦਰਜ ਇਸ ਮੁਕੱਦਮੇ ਵਿੱਚ ਸ਼ਾਮਲ ਕੁੱਲ 132 ਦੋਸ਼ੀਆਂ ਵਿੱਚੋਂ ਹੁਣ ਤੱਕ 117 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋਸ਼ੀਆਂ ਦੀ ਸਰਗਰਮੀ ਨਾਲ ਭਾਲ ਜਾਰੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਲਾਕ ਢਿੱਲਵਾਂ ਅਧੀਨ ਆਉਦੇ ਪਿੰਡ ਮਹਿਮਦਵਾਲ ਦੇ ਗਰੀਬ ਅਤੇ ਬੇਘਰਿਆਂ ਲਈ ਭਾਰਤ ਸਰਕਾਰ ਦੀ ਇੰਦਰਾ ਅਵਾਸ ਯੋਜਨਾ ਤਹਿਤ ਸਾਲ 2012 ਵਿੱਚ ਗ੍ਰਾਮ ਪੰਚਾਇਤ ਪਿੰਡ ਮਹਿਮਦਵਾਲ ਨੂੰ ਪ੍ਰਾਪਤ ਕੁੱਲ 13,50,000 ਰੁਪਏ ਦੀ ਗ੍ਰਾਂਟ ਨੂੰ ਤੱਤਕਾਲੀ ਏ.ਡੀ.ਸੀ ਵਿਕਾਸ-ਕਮ-ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਕਪੂਰਥਲਾ ਸ਼ਤੀਸ਼ ਚੰਦਰ ਵਸ਼ਿਸਟ ਨੇ ਆਸਾ ਸਿੰਘ ਸਰਪੰਚ ਪਿੰਡ ਮਹਿਮਦਵਾਲ ਅਤੇ ਕੁਲਵੰਤ ਸਿੰਘ ਪੰਚਾਇਤ ਸਕੱਤਰ ਨਾਲ ਮਿਲੀਭੁਗਤ ਕਰਕੇ ਅਯੋਗ ਲਾਭਪਾਤਰੀਆਂ ਦੇ ਨਾਮ ਉਪਰ ਵੱਖ ਵੱਖ ਚੈਕ ਕੱਟ ਕੇ ਉਸ ਗ੍ਰਾਂਟ ਨੂੰ ਖੁਰਦ-ਬੁਰਦ ਕਰ ਦਿੱਤਾ ਸੀ। ਉਨਾਂ ਦੱਸਿਆ ਕਿ ਉਪਰੰਤ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਸ਼ਿਫਾਰਸ਼ ਉਤੇ ਵੱਖ ਵੱਖ ਅਧਿਕਾਰੀਆਂ ਦੀ ਪੰਜ ਮੈਂਬਰੀ ਕਮੇਟੀ ਨੇ ਫਿਜੀਕਲ ਵੈਰੀਫਿਕੇਸ਼ਨ ਕਰਵਾਈ ਗਈ ਤਾਂ ਜਿਲ੍ਹਾ ਕਪੂਰਥਲਾ ਵਿੱਚ ਪੈਂਦੇ 31 ਪਿੰਡਾਂ ਦੇ 411 ਆਯੋਗ ਲਾਭਪਾਤਰੀਆਂ ਨੂੰ ਸਾਲ 2011-12 ਦੌਰਾਨ 1,80,00,000 ਰੁਪਏ ਦੀ ਨਾਜਾਇਜ਼ ਅਦਾਇਗੀ ਕੀਤੀ ਗਈ ਪਾਈ ਗਈ।
ਇਸ ਸਬੰਧ ਵਿੱਚ ਵਿਜੀਲੈਂਸ ਬਿਉਰੋ ਵੱਲੋਂ 132 ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 01 ਮਿਤੀ 03-02-17 ਨੂੰ ਆਈ.ਪੀ.ਸੀ ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1), 13(2) ਅਧੀਨ ਵਿਜੀਲੈਂਸ ਬਿਉਰੋ ਦੇ ਥਾਣਾ ਜਲੰਧਰ ਰੇਂਜ ਵਿੱਚ ਦਰਜ ਕੀਤਾ ਗਿਆ। ਇਸ ਕੇਸ ਵਿੱਚ ਉਕਤ ਦੋਸ਼ਣ ਚਰਨ ਕੌਰ ਵਾਸੀ ਪਿੰਡ ਗੌਰੇ, ਜਿਲਾ ਕਪੂਰਥਲਾ ਨੂੰ ਪੜਤਾਲ ਉਪਰੰਤ ਮਿਤੀ 04-02-2019 ਨੂੰ ਨਾਮਜ਼ਦ ਕੀਤਾ ਗਿਆ ਸੀ ਜਿਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਉਕਤ ਦੋਸ਼ਣ ਚਰਨ ਕੌਰ ਵੱਲੋਂ ਅਯੋਗ ਲਾਭਪਾਤਰੀ ਹੁੰਦੇ ਹੋਏ ਇਸ ਇੰਦਰਾ ਅਵਾਸ ਯੋਜਨਾ ਤਹਿਤ ਕੱਚੇ ਮਕਾਨਾਂ ਨੂੰ ਪੱਕਾ ਬਨਾਉਣ ਲਈ ਮਿਤੀ 14-03-2012 ਨੂੰ ਵੱਖ-ਵੱਖ ਚੈਕਾਂ ਰਾਹੀਂ ਕੁੱਲ 45,000 ਰੁਪਏ ਦੀ ਮਿਲੀ ਗਰਾਂਟ ਪਿੰਡ ਗੌਰੇ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਕੁਲਵੰਤ ਸਿੰਘ ਦੀ ਮਿਲੀਭੁਗਤ ਨਾਲ ਹੜੱਪ ਕਰ ਲਈ ਸੀ।
ਵਰਨਣਯੋਗ ਹੈ ਕਿ ਉਪਰੋਕਤ ਮੁਕੱਦਮੇ ਵਿੱਚ ਕੁੱਲ 132 ਦੋਸ਼ੀਆਂ ਵਿੱਚੋਂ ਹੁਣ ਤੱਕ 117 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਉਨ੍ਹਾਂ ਦੇ ਠਿਕਾਣਿਆਂ ਉਪਰ ਵਿਜੀਲੈਂਸ ਬਿਉਰੋ ਵੱਲੋਂ ਦਬਿਸ਼ ਦਿੱਤੀ ਜਾ ਰਹੀ ਹੈ ਜਿੰਨ੍ਹਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Related Articles

Stay Connected

0FansLike
3,794FollowersFollow
20,800SubscribersSubscribe
- Advertisement -spot_img

Latest Articles