#AMERICA

ਗਰੀਨ ਕਾਰਡ ਉਡੀਕ ਰਹੇ ਵਰਕਰਾਂ ਦੀ ਘਟੇਗੀ ਪ੍ਰੇਸ਼ਾਨੀ

ਅਮਰੀਕੀ ਰਾਸ਼ਟਰਪਤੀ ਦੀ ਸਲਾਹਕਾਰ ਕਮੇਟੀ 5 ਸਾਲ ਤੋਂ ਵੱਧ ਸਮੇਂ ਤੋਂ ਗਰੀਨ ਕਾਰਡ ਉਡੀਕ ਰਹੇ ਲੋਕਾਂ ਨੂੰ ਜਾਰੀ ਕਰੇਗੀ ਵਰਕ ਪਰਮਿਟ
ਵਾਸ਼ਿੰਗਟਨ, 16 ਮਾਰਚ (ਪੰਜਾਬ ਮੇਲ)-ਅਮਰੀਕੀ ਰਾਸ਼ਟਰਪਤੀ ਦੀ ਸਲਾਹਕਾਰ ਕਮੇਟੀ ਉਨ੍ਹਾਂ ਲੋਕਾਂ ਨੂੰ ਵਰਕ ਪਰਮਿਟ ਜਾਰੀ ਕਰਨ ਉੱਤੇ ਵਿਚਾਰ ਕਰ ਰਹੀ ਹੈ, ਜਿਹੜੇ ਪੰਜ ਸਾਲ ਤੋਂ ਵੀ ਵੱਧ ਸਮੇਂ ਤੋਂ ਗਰੀਨ ਕਾਰਡ ਦੀ ਉਡੀਕ ਕਰ ਰਹੇ ਹਨ। ਰਾਸ਼ਟਰਪਤੀ ਦਾ ਸਲਾਹਕਾਰ ਕਮਿਸ਼ਨ ਗਰੀਨ ਕਾਰਡ ਅਰਜ਼ੀ ਦੇ ਮੁੱਢਲੇ ਪੱਧਰਾਂ ਉਤੇ ਰੋਜ਼ਗਾਰ ਦੀ ਮਨਜ਼ੂਰੀ ਲਈ ਕਾਰਡ ਜਾਰੀ ਕਰਨ ਦੀ ਸੰਭਾਵਨਾ ਉਤੇ ਵਿਚਾਰ ਕਰ ਰਿਹਾ ਹੈ। ਬਾਇਡਨ ਪ੍ਰਸ਼ਾਸਨ ਜੇਕਰ ਇਹ ਕਦਮ ਚੁੱਕਦਾ ਹੈ, ਤਾਂ ਇਸ ਨਾਲ ਪੀ.ਆਰ. ਕਾਰਡ ਦੀ ਉਡੀਕ ਕਰਨ ਵਾਲਿਆਂ ਦੀ ਪ੍ਰੇਸ਼ਾਨੀ ਘਟੇਗੀ। ਭਾਰਤੀਆਂ ਸਣੇ ਵੱਡੀ ਗਿਣਤੀ ਹੋਰਾਂ ਮੁਲਕਾਂ ਦੇ ਜੰਮਪਲ ਲੋਕਾਂ ਨੂੰ ਇਸ ਕਦਮ ਨਾਲ ਰਾਹਤ ਮਿਲ ਸਕਦੀ ਹੈ। ਇਹ ਉੱਚੀ ਮੁਹਾਰਤ ਹਾਸਲ ਪੇਸ਼ੇਵਰ ਹਨ। ਅਮਰੀਕਾ ਵਿਚ ਆਵਾਸੀਆਂ ਨੂੰ ਗਰੀਨ ਕਾਰਡ ਮਿਲਣ ਦਾ ਮਤਲਬ ਹੈ ਕਿ ਉਹ ਪੱਕੇ ਤੌਰ ਉਤੇ ਉੱਥੇ ਰਹਿ ਸਕਦੇ ਹਨ। ਸਿਫ਼ਾਰਿਸ਼ਾਂ ਵਿਚ ਤਜਵੀਜ਼ ਰੱਖੀ ਗਈ ਹੈ ਕਿ ਅਮਰੀਕੀ ਨਾਗਰਿਕਤਾ ਤੇ ਆਵਾਸ ਸੇਵਾਵਾਂ ਉਨ੍ਹਾਂ ਵਿਅਕਤੀਆਂ ਨੂੰ ‘ਈ.ਏ.ਡੀਜ਼’ ਤੇ ਯਾਤਰਾ ਦਸਤਾਵੇਜ਼ ਜਾਰੀ ਕਰ ਸਕਦੀਆਂ ਹਨ, ਜਿਨ੍ਹਾਂ ਦੀ ਆਈ-140 ਰੁਜ਼ਗਾਰ ਅਧਾਰਿਤ ਵੀਜ਼ਾ ਪਟੀਸ਼ਨ ਈ.ਬੀ.-1, ਈ.ਬੀ.-2, ਈ.ਬੀ.-3 ਵਰਗਾਂ ਵਿਚ ਮਨਜ਼ੂਰ ਹੋਈ ਹੈ। ਇਨ੍ਹਾਂ ਵਿਚ ਉਹ ਵੀ ਸ਼ਾਮਲ ਹਨ, ਜੋ ਪੰਜ ਜਾਂ ਵੱਧ ਸਾਲਾਂ ਤੋਂ ਵੀਜ਼ਾ ਲਈ ਕਤਾਰ ਵਿਚ ਲੱਗੇ ਹੋਏ ਹਨ, ਭਾਵੇਂ ਉਨ੍ਹਾਂ ਸਥਿਤੀ ‘ਚ ਫੇਰਬਦਲ ਲਈ ਅਰਜ਼ੀ ਦਿੱਤੀ ਹੈ ਜਾਂ ਨਹੀਂ।

ਬੰਦੂਕ ਹਿੰਸਾ ‘ਤੇ ਲਗਾਮ ਕੱਸਣ ਲਈ ਕਈ ਕਦਮ ਚੁੱਕ ਰਹੀ ਹੈ ਬਾਇਡਨ ਪ੍ਰਸ਼ਾਸਨ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਲਾਸ ਏਂਜਲਸ ਵਿਚ ਉਨ੍ਹਾਂ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੇ ਮੈਂਬਰ ਜਨਵਰੀ ਮਹੀਨੇ ਬੰਦੂਕਧਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਮਾਰੇ ਗਏ ਸਨ। ਇਸ ਮੌਕੇ ਬਾਇਡਨ ਨੇ ਦੱਸਿਆ ਕਿ ਸਰਕਾਰ ਬੰਦੂਕ ਹਿੰਸਾ ‘ਤੇ ਲਗਾਮ ਕੱਸਣ ਲਈ ਕਈ ਕਦਮ ਚੁੱਕ ਰਹੀ ਹੈ, ਪਰ ਹੋਰ ਕਦਮ ਚੁੱਕਣ ਦੀ ਲੋੜ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਸ ਲਈ ਵੱਡੇ ਕਦਮ ਚੁੱਕਣੇ ਪੈਣਗੇ। ਬਾਇਡਨ ਨੇ ਕਿਹਾ ਕਿ ਉਹ ਅਸਾਲਟ ਹਥਿਆਰਾਂ ਤੇ ਵੱਡੀ ਸਮਰੱਥਾਂ ਵਾਲੇ ਮੈਗਜ਼ੀਨਾਂ ਉਤੇ ਰੋਕ ਲਾਉਣ ਪ੍ਰਤੀ ਵਚਨਬੱਧ ਹਨ। ਦੱਸਣਯੋਗ ਹੈ ਕਿ ਰਾਸ਼ਟਰਪਤੀ ਨੇ ਅਟਾਰਨੀ ਜਨਰਲ ਨੂੰ ਹੁਕਮ ਦਿੱਤੇ ਹਨ ਕਿ ਉਹ ਹਥਿਆਰ ਖ਼ਰੀਦਣ ਵਾਲਿਆਂ ਦੇ ਪਿਛੋਕੜ ਬਾਰੇ ਹੋਰ ਜਾਣਕਾਰੀ ਇਕੱਤਰ ਕਰਨ। ਇਸ ਲਈ ਨੇਮ ਬਣਾਉਣ ਦੇ ਹੁਕਮ ਦਿੱਤੇ ਗਏ ਹਨ।

Leave a comment