ਸੈਕਰਾਮੈਂਟੋ, 18 ਸਤੰਬਰ (ਪੰਜਾਬ ਮੇਲ)- ਅਦਾਲਤ ਨੇ ਕੈਲੀਫੋਰਨੀਆ ਦੇ ਇਕ ਜੋੜੇ ਨੂੰ ਦੋਸ਼ੀ ਠਹਿਰਾਇਆ ਹੈ। ਇਸ ਜੋੜੇ ‘ਤੇ 13 ਗਰਭਵਤੀ ਚੀਨੀ ਔਰਤਾਂ ਨੂੰ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਸੱਦ ਕੇ ਬੱਚਿਆਂ ਨੂੰ ਜਨਮ ਦੇਣ ‘ਚ ਮਦਦ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਸ ਜੋੜੇ ਨੇ ਅਜਿਹਾ ਕਾਰੋਬਾਰ ਚਲਾਉਣ ਲਈ ਇਕ ਕੰਪਨੀ ਖੋਲ੍ਹੀ ਹੋਈ ਸੀ। ਮਾਈਕਲ ਲਿਊ ਅਤੇ ਫੋਬੀ ਡੌਂਗ ਨਾਂ ਦੇ ਇਸ ਜੋੜੇ ਵੱਲੋਂ ਚੀਨ ਵਿਚ ਇਸ਼ਤਿਹਾਰ ਦੇ ਕੇ ਗਰਭਵਤੀ ਔਰਤਾਂ ਨੂੰ ਅਮਰੀਕਾ ਲਿਆਇਆ ਜਾਂਦਾ ਸੀ। ਉਨ੍ਹਾਂ ਨੂੰ ਇਹ ਦੱਸਿਆ ਜਾਂਦਾ ਸੀ ਕਿ ਜੇ ਤੁਸੀਂ ਗਰਭਵਤੀ ਹੋ ਅਤੇ ਅਮਰੀਕਾ ਵਿਚ ਜੇ ਤੁਹਾਡੇ ਬੱਚੇ ਪੈਦਾ ਹੁੰਦੇ ਹਨ, ਤਾਂ ਤੁਸੀਂ ਵੀ ਅਮਰੀਕਾ ਦੀ ਸਿਟੀਜ਼ਨਸ਼ਿਪ ਹਾਸਲ ਕਰ ਸਕਦੇ ਹੋ। ਇਸ ਜੋੜੇ ਨੂੰ ਮਨੀ ਲਾਂਡਰਿੰਗ ਦੇ 10 ਮਾਮਲਿਆਂ ਅਤੇ ਸਾਜ਼ਿਸ਼ ਦੇ 1 ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ।
ਇਹ ਜੋੜਾ ਯੂ.ਐੱਸ.ਏ. ਹੈਪੀ ਬੇਬੀ ਵਜੋਂ ਜਾਣੀ ਜਾਂਦੀ ਕੰਪਨੀ ਚਲਾਉਂਦਾ ਸੀ ਅਤੇ ਜਿਨ੍ਹਾਂ ਨੇ 2012 ਤੋਂ ਲੈ ਕੇ 2015 ਤੱਕ ਸੈਂਕੜੇ ਗਰਭਵਤੀ ਔਰਤਾਂ ਨੂੰ ਚੀਨ ਤੋਂ ਟੂਰਿਸਟ ਵੀਜ਼ੇ ‘ਤੇ ਅਮਰੀਕਾ ਪਹੁੰਚਾਇਆ। ਇਸ ਦੇ ਬਦਲੇ ਹਰੇਕ ਕੋਲੋਂ 40 ਹਜ਼ਾਰ ਡਾਲਰ ਤੱਕ ਦੀ ਫੀਸ ਵੀ ਹਾਸਲ ਕੀਤੀ। ਇਸ ਜੋੜੇ ਨੂੰ ਦਸੰਬਰ ਵਿਚ ਸਜ਼ਾ ਸੁਣਾਈ ਜਾਣੀ ਹੈ ਅਤੇ ਇਨ੍ਹਾਂ ਨੂੰ 9 ਤੋਂ 20 ਸਾਲ ਤੱਕ ਦੀ ਕੈਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ।