#AMERICA

ਖੁਫੀਆ ਦਸਤਾਵੇਜਾਂ ਨੂੰ ਗਾਇਬ ਕਰਨ ਦਾ ਮਾਮਲਾ; ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਵਿਰੁੱਧ ਲਾਏ ਦੋਸ਼ਾਂ ਨੂੰ ਜਨਤਕ ਕੀਤਾ

* ਦੇਸ਼ ਦਾ ਕਾਨੂੰਨ ਸਭ ਲਈ ਇਕੋ ਜਿਹਾ : ਜਾਂਚਕਾਰ ਜੈਕ ਸਮਿੱਥ
ਸੈਕਰਾਮੈਂਟੋ, 9 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਦਾ ਕਾਰਜਕਾਲ ਪੂਰਾ ਹੋਣ ‘ਤੇ ਵਾਈਟ ਹਾਊਸ ਛੱਡਣ ਸਮੇਂ ਖੁਫੀਆ ਦਸਤਾਵੇਜ਼ ਆਪਣੇ ਨਾਲ ਲੈ ਜਾਣ ਦੇ ਮਾਮਲੇ ‘ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਦਾਇਰ 44 ਸਫਿਆਂ ਦੇ ਦੋਸ਼ ਪੱਤਰ ਨੂੰ ਜਨਤਕ ਕਰ ਦਿੱਤਾ ਗਿਆ ਹੈ। ਮਾਰ-ਏ-ਲਾਗੋ ਰਿਜ਼ਾਰਟ ਵਿਖੇ ਕੰਮ ਕਰਦੇ ਸਾਬਕਾ ਰਾਸ਼ਟਰਪਤੀ ਦੇ ਇਕ ਨਿੱਜੀ ਮੁਲਾਜ਼ਮ ਵਾਲਟ ਵਾਟ ਨਾਊਟਾ ਨੂੰ ਵੀ ਸਾਬਕਾ ਰਾਸ਼ਟਰਪਤੀ ਦੇ ਨਾਲ ਦੋਸ਼ੀ ਬਣਾਇਆ ਗਿਆ ਹੈ। ਸਾਬਕਾ ਰਾਸ਼ਟਰਪਤੀ ਵਿਰੁੱਧ ਖੁਫੀਆ ਦਸਤਾਵੇਜਾਂ ਦੀ ਸੰਭਾਲ ਨੂੰ ਲੈ ਕੇ ਕਥਿਤ ਤੌਰ ‘ਤੇ 8 ਸੰਘੀ ਨਿਯਮਾਂ ਦੀ ਉਲੰਘਣਾ ਕਰਨ ਲਈ ਦਰਜ਼ਨਾਂ ਦੋਸ਼ ਲਾਏ ਗਏ ਹਨ। ਉਨਾਂ ਵਿਰੁੱਧ 31 ਦੋਸ਼ ਲਾਏ ਗਏ ਹਨ, ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਬਰਾਮਦ ਦਸਤਾਵੇਜ਼ਾਂ ਵਿਚ ‘ਟਾਪ ਸੀਕਰੇਟ’ ਦਸਤਾਵੇਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਭਾਲਿਆ ਜਾਂਦਾ ਹੈ।
ਜਨਤਕ ਕੀਤੇ ਦੋਸ਼ ਪੱਤਰ ਅਨੁਸਾਰ ਟਰੰਪ ਵਿਰੁੱਧ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਆਪਣੇ ਵਕੀਲ ਨੂੰ ਸਲਾਹ ਦਿੱਤੀ ਕਿ ਉਹ ਐੱਫ.ਬੀ.ਆਈ. ਤੇ ਗਰੈਂਡ ਜਿਊਰੀ ਅੱਗੇ ਝੂਠ ਬੋਲੇ ਕਿ ਉਸ ਕੋਲ ਖੁਫੀਆ ਦਸਤਾਵੇਜ਼ ਨਹੀਂ ਹਨ। ਟਰੰਪ ਵਿਰੁੱਧ ਇਹ ਵੀ ਦੋਸ਼ ਹੈ ਕਿ ਉਸ ਨੇ ਆਪਣੇ ਮੁਲਾਜ਼ਮ ਨਾਊਟਾ ਨੂੰ ਨਿਰਦੇਸ਼ ਦਿੱਤਾ ਕਿ ਉਹ ਖੁਫੀਆ ਦਸਤਾਵੇਜ਼ਾਂ ਵਾਲੇ ਡੱਬੇ ਲਕੋ ਦੇਵੇ, ਤਾਂ ਜੋ ਵਕੀਲ, ਐੱਫ.ਬੀ.ਆਈ. ਤੇ ਗਰੈਂਡ ਜਿਊਰੀ ਦੀ ਪਹੁੰਚ ਤੋਂ ਇਹ ਦਸਤਾਵੇਜ਼ ਦੂਰ ਰਹਿਣ। ਟਰੰਪ ਉਪਰ ਇਹ ਵੀ ਦੋਸ਼ ਹੈ ਕਿ ਉਸ ਨੇ ਨਾ ਕੇਵਲ ਗੁਪਤ ਦਸਤਾਵੇਜ਼ ਲਕੋਏ ਬਲਕਿ ਬੈਡਮਿੰਸਟਰ, ਨਿਊਜਰਸੀ ਵਿਖੇ ਸਥਿਤ ਟਰੰਪ ਨੈਸ਼ਨਲ ਗੋਲਫ ਕਲੱਬ ਵਿਖੇ ਆਪਣੇ ਮਹਿਮਾਨਾਂ ਨੂੰ ਵੀ ਇਹ ਦਸਤਾਵੇਜ਼ ਵਿਖਾਏ। ਦੋਸ਼ ਪੱਤਰ ਅਨੁਸਾਰ ਇਕ ਦਸਤਾਵੇਜ਼ ”ਪਲੈਨ ਆਫ ਅਟੈਕ” ‘ਤੇ ਇਕ ਹੋਰ ਦਸਤਾਵੇਜ਼ ਫੌਜੀ ਅੱਡੇ ਦਾ ਨਕਸ਼ਾ ਹੈ। ਲਾਏ ਗਏ ਦੋਸ਼ਾਂ ਅਨੁਸਾਰ ਸਾਬਕਾ ਰਾਸ਼ਟਰਪਤੀ ਨੂੰ ਜਾਣਕਾਰੀ ਸੀ ਕਿ ਇਹ ਖੁਫੀਆ ਦਸਤਾਵੇਜ਼ ਹਨ। ਨਿਆਂ ਵਿਭਾਗ ਦੇ ਵਿਸ਼ੇਸ਼ ਕੌਂਸਲ ਜੈਕ ਸਮਿੱਥ ਜੋ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ, ਨੇ ਕਿਹਾ ਹੈ ਕਿ ਇਸ ਦੇਸ਼ ਵਿਚ ਕਾਨੂੰਨ ਹਨ, ਜੋ ਸਭ ‘ਤੇ ਲਾਗੂ ਹੁੰਦੇ ਹਨ। ਉਨ੍ਹਾਂ ਕਿਹਾ ”ਇਨ੍ਹਾਂ ਕਾਨੂੰਨਾਂ ਤਹਿਤ ਇਕੱਠੇ ਕੀਤੇ ਤੱਥਾਂ ਨੇ ਜਾਂਚ ਦੇ ਸਿੱਟੇ ਨਿਸ਼ਚਿਤ ਕੀਤੇ ਹਨ।” ਇਥੇ ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਦੇ ਫਲੋਰਿਡਾ ਸਥਿਤ ਮਾਰ ਏ ਲਾਗੋ ਰਿਜ਼ਾਰਟ ‘ਤੇ ਐੱਫ.ਬੀ.ਆਈ. ਵੱਲੋਂ 2022 ਦੇ ਜੂਨ ਤੇ ਅਗਸਤ ਮਹੀਨੇ ਵਿਚ ਮਾਰੇ ਛਾਪਿਆਂ ਦੌਰਾਨ 300 ਤੋਂ ਵਧ ਖੁਫੀਆ ਦਸਤਾਵੇਜ਼ ਬਰਾਮਦ ਹੋਏ ਸਨ।

Leave a comment