#AMERICA

ਖਾਲੜਾ ਪਾਰਕ ਕਮੇਟੀ ਤੇ ਇੰਡੋ ਯੂ.ਐੱਸ. ਹੈਰੀਟੇਜ਼ ਵੱਲੋ ਹਿਊਮਨ ਰਾਈਟਸ ਦਿਨ ਸਬੰਧੀ ਤਿਆਰੀਆਂ ਆਰੰਭ

ਫਰਿਜ਼ਨੋ, 2 ਅਗਸਤ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਕੇ ਸਥਾਨਕ ਬਾਬਿਆਂ ਦੀ ਖਾਲੜਾ ਪਾਰਕ ਕਮੇਟੀ, ਜੈਕਾਰਾ ਮੂਵਮੈਂਟ ਅਤੇ ਇੰਡੋ ਯੂ.ਐੱਸ. ਹੈਰੀਟੇਜ਼ ਐਸੋਸੀਏਸ਼ਨ ਵੱਲੋ ਉਪਰਾਲੇ ਆਰੰਭ ਦਿੱਤੇ ਗਏ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਨੂੰ ਯਾਦ ਕਰਦਿਆ ਫਰਿਜ਼ਨੋ ਦੇ ਖਾਲੜਾ ਪਾਰਕ ਵਿਚ 16 ਸਤੰਬਰ, ਦਿਨ ਸ਼ਨੀਵਾਰ ਨੂੰ ਦੁਪਿਹਰ ਦੋ ਵਜੇ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ। ਬੀਤੇ ਐਤਵਾਰ ਇਸ ਸਮਾਗਮ ਸਬੰਧੀ ਪਹਿਲੀ ਮੀਟਿੰਗ ਖਾਲੜਾ ਪਾਰਕ ਵਿਚ ਰੱਖੀ ਗਈ। ਇਸ ਮੌਕੇ ਪਤਵੰਤੇ ਸੱਜਣਾਂ ਨੇ ਸਭ ਨੂੰ ਇਸ ਸਮਾਗਮ ਵਿਚ ਸ਼ਿਰਕਤ ਕਹਨ ਲਈ ਸਨਿਮਰ ਬੇਨਤੀ ਕੀਤੀ ਅਤੇ ਇਸ ਸਮਾਗਮ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਤੰਬਰ 1995 ਵਿਚ ਸਮੇਂ ਦੀ ਹਕੂਮਤ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਮਨੁੱਖੀ ਹੱਕਾਂ ਸਬੰਧੀ ਆਵਾਜ਼ ਬੁਲੰਦ ਕਰਨ ਦੇ ਬਦਲੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਉਪਰੰਤ ਜੈਕਾਰਾ ਮੂਵਮੈਂਟ ਦੇ ਉਪਰਾਲੇ ਸਦਕਾ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿਚ ਪਾਰਕ ਫਰਿਜ਼ਨੋ ਸ਼ਹਿਰ ਵਿਚ  ਬਣਾਇਆ ਗਿਆ ਅਤੇ ਇਸ ਪਾਰਕ ਵਿਚ ਹਰੇਕ ਸਾਲ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਯਾਦ ਵਿਚ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ ਜਾਂਦਾ ਹੈ ਅਤੇ ਇਸੇ ਕੜੀ ਤਹਿਤ ਇਹ ਸਾਲਾਨਾ ਸਮਾਗਮ 16 ਸਤੰਬਰ ਦਿਨ ਸ਼ਨੀਵਾਰ ਨੂੰ ਖਾਲੜਾ ਪਾਰਕ ਵਿਖੇ ਦੁਪਿਹਰ ਦੋ ਵਜੇ ਰੱਖਿਆ ਗਿਆ ਹੈ।

Leave a comment