#INDIA

ਕੰਗਨਾ ਦੀ ਕਿਸਾਨਾਂ ਬਾਰੇ ਟਿੱਪਣੀ ਤੋਂ ਹਿਮਾਚਲ ਵਿਧਾਨ ਸਭਾ ‘ਚ ਰੌਲਾ ਰੱਪਾ

ਸ਼ਿਮਲਾ, 27 ਅਗਸਤ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਅੱਜ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਬਾਰੇ ਕਥਿਤ ਟਿੱਪਣੀ ਕਾਰਨ ਪਏ ਰੌਲੇ ਰੱਪੇ ਤੋਂ ਹੋਈ। ਇਸ ਦੌਰਾਨ ਸੱਤਾਧਾਰੀ ਤੇ ਵਿਰੋਧੀ ਧਿਰ ਭਾਜਪਾ ਵਿਚਾਲੇ ਤਿੱਖੀ ਬਹਿਸ ਹੋਈ। ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਾਨੂੰਨ ਅਤੇ ਵਿਵਸਥਾ ਦੇ ਮੁੱਦੇ ‘ਤੇ ਚਰਚਾ ਦੀ ਮੰਗ ਕੀਤੀ। ਹੰਗਾਮੇ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕਰਦਿਆਂ ਵਾਕਆਊਟ ਕਰ ਦਿੱਤਾ। ਸੰਸਦੀ ਮਾਮਲਿਆਂ ਬਾਰੇ ਮੰਤਰੀ ਹਰਸ਼ਵਰਧਨ ਚੌਹਾਨ ਨੇ ਕੰਗਨਾ ਦੀ ਟਿੱਪਣੀ ਦੀ ਨਿੰਦਾ ਕਰਨ ਵਾਲਾ ਮਤਾ ਪੇਸ਼ ਕੀਤਾ। ਉਨ੍ਹਾਂ ਕਿਹਾ, ‘ਕੰਗਨਾ ਦੀ ਟਿੱਪਣੀ ਪੂਰੇ ਦੇਸ਼ ਦੇ ਕਿਸਾਨਾਂ ਦਾ ਅਪਮਾਨ ਹੈ। ਵਿਰੋਧੀ ਧਿਰ ਸਦਨ ਤੋਂ ਬਾਹਰ ਹੋ ਗਈ ਹੈ ਪਰ ਅਸੀਂ ਇਸ ਮੁੱਦੇ ‘ਤੇ ਭਾਜਪਾ ਦਾ ਸਟੈਂਡ ਜਾਣਨਾ ਚਾਹੁੰਦੇ ਹਾਂ। ਕਿਸਾਨਾਂ ਨੂੰ ਬਲਾਤਕਾਰੀ ਅਤੇ ਅੱਤਵਾਦੀ ਕਹਿਣਾ ਮੰਦਭਾਗਾ ਹੈ। ਸਦਨ ਨੂੰ ਇਸ ‘ਤੇ ਬਹਿਸ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਵਿਰੁੱਧ ਇਸ ਤਰ੍ਹਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਨਿੰਦਾ ਕਰਨੀ ਚਾਹੀਦੀ ਹੈ।’ ਵਿਰੋਧੀ ਧਿਰ ਦੇ ਵਾਕਆਊਟ ਤੋਂ ਬਾਅਦ ਸਦਨ ‘ਚ ਉਸ ਦੀ ਵਾਪਸੀ ਮਗਰੋਂ ਉਨ੍ਹਾਂ ਨੇ ਕੰਗਨਾ ਦੀ ਟਿੱਪਣੀ ‘ਤੇ ਭਾਜਪਾ ਦਾ ਸਟੈਂਡ ਸਪਸ਼ਟ ਕਰਨ ਲਈ ਕਿਹਾ। ਵਿਰੋਧੀ ਧਿਰ ਦੇ ਨੇਤਾ ਠਾਕੁਰ ਨੇ ਕਿਹਾ, ‘ਸਾਡੀ ਪਾਰਟੀ ਪਹਿਲਾਂ ਹੀ ਇਸ ਦੀ ਨਿੰਦਾ ਕਰ ਚੁੱਕੀ ਹੈ। ਇਸ ਲਈ ਇਸ ਨੂੰ ਸਦਨ ਵਿਚ ਨਹੀਂ ਉਠਾਉਣਾ ਚਾਹੀਦਾ। ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ।’