”ਮੇਲੇ ‘ਤੇ ਚਮਕਿਆ ਖਾਲਸਾਈ ਰੰਗ”
ਫਰਿਜ਼ਨੋ, 26 ਅਪ੍ਰੈਲ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਦੇ ਲਾਗਲੇ ਸ਼ਹਿਰ ਕ੍ਰਦਰਜ਼ ਦੇ ਗੁਰਦੁਆਰਾ ਪੈਸੇਫਿਕ ਕੋਸਟ ਖ਼ਾਲਸਾ ਦੀਵਾਨ ਸੁਸਾਇਟੀ ਵਿਖੇ ਉੱਘੇ ਕਿਰਸਾਨ ਸੌਗੀ ਕਿੰਗ, ਸ. ਚਰਨਜੀਤ ਸਿੰਘ ਬਾਠ ਅਤੇ ਸਹਿਯੋਗੀ ਸੱਜਣਾਂ ਦੇ ਸਹਿਯੋਗ ਨਾਲ 30ਵਾਂ ਸਾਲਾਨਾ ਵਿਸਾਖੀ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਵਿਚ ਲਾਲ, ਨੀਲੀਆਂ, ਕੇਸਰੀ ਦਸਤਾਰਾਂ ਅਤੇ ਦੁਪੱਟੇ ਖਾਲਸਾਈ ਜਾਹੋ-ਜਲਾਲ ਵਿਚ ਰੰਗੇ ਕਿਸੇ ਪੰਜਾਬ ਦੇ ਇਤਿਹਾਸਕ ਸਥਾਨ ਦਾ ਭੁਲੇਖਾ ਪਾ ਰਹੇ ਸਨ। ਇਸ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ, ਜਿੱਥੇ ਬਹੁਤ ਸਾਰੇ ਕੀਰਤਨੀਏ ਜਥੇ ਸੰਗਤਾਂ ਨੂੰ ਅਨੰਦਮਈ ਕੀਰਤਨ ਸਰਵਨ ਕਰਵਾ ਰਹੇ ਸਨ। ਇਸ ਮੌਕੇ ਕਥਾਵਾਚਕਾਂ ਨੇ ਸ਼ਬਦ ਗੁਰੂ ਨਾਲ ਸੰਗਤਾਂ ਨੂੰ ਜੋੜਿਆ। ਸੁਆਦਿਸ਼ਟ ਛੱਤੀ ਪ੍ਰਕਾਰ ਦੇ ਭੋਜਨ ਦਾ ਸੰਗਤਾਂ ਲੰਗਰਾਂ ਵਿਚ ਅਨੰਦ ਮਾਣ ਰਹੀਆਂ ਸਨ।
ਗੁਰਦੁਆਰਾ ਸਹਿਬ ਦੀਆਂ ਗਰਾਉਂਡਾ ਵਿਚ ਝੂਲੇ ਆਦਿ ਬੱਚਿਆਂ ਲਈ ਖਾਸ ਅਕਰਸ਼ਕ ਰਹੇ। ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆ। ਬਾਸਕਟਵਾਲ ਦੇ ਮੈਚ ਹੋਏ। ਰੱਸਾਕਸ਼ੀ ਦੇ ਜੌਹਰ ਵੇਖਣ ਨੂੰ ਮਿਲੇ। ਇਸ ਮੌਕੇ ਸੱਭਿਆਚਾਰ ਸਟੇਜ ਦਾ ਅਗਾਜ਼ ਰਾਜ ਬਰਾੜ ਨੇ ਵਿਸਾਖੀ ਨੂੰ ਸਮਰਪਿਤ ਗੀਤ ਨਾਲ ਕੀਤਾ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਨੇ ਖ਼ਾਲਸੇ ਦੇ ਸਾਜਨਾਂ ਦਿਵਸ ਨੂੰ ਸਮਰਪਿਤ ਭਾਸ਼ਨ ਕੀਤੇ। ਜੀ.ਐੱਚ.ਜੀ, ਭੰਗੜਾ ਕੂਈਨਜ਼, ਸ਼ਾਨੇ ਭੰਗੜਾ, ਸੈਂਟਰਲਵੈਲੀ ਭੰਗੜਾ, ਸਿਰ ਦਾ ਤਾਜ਼ ਨੇ ਧੀਆਂ, ਸਹੇਲੀਆਂ ਆਦਿ ਦੀਆਂ ਗਿੱਧੇ-ਭੰਗੜੇ ਦੀਆਂ ਟੀਮਾਂ ਨੇ ਖੂਬ ਰੰਗ ਬੰਨ੍ਹਿਆ। ਇਸ ਮੌਕੇ ਨਿਹਚਲ ਅਟਵਾਲ ਦੀ ਸੋਲੋ ਪ੍ਰਫਾਰਮੈਂਸ ਬੇਹੱਦ ਪਸੰਦ ਕੀਤਾ ਗਿਆ।
ਇਸ ਸਮਾਗਮ ਦੌਰਾਨ ਸ. ਚਰਨਜੀਤ ਸਿੰਘ ਬਾਠ ਵੱਲੋਂ ਸ਼ੈਰਿਫ ਡਿਪਾਰਟਮੈਂਟ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿਚ ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜਨੋ ਦੇ ਗੱਤਕਾ ਟੀਮ ਦੇ ਮੈਂਬਰਾਂ ਨੇ ਦਿਲਕਸ਼ ਗੌਤਕੇ ਦੇ ਜੌਹਰ ਵਿਖਾਕੇ ਮਾਹੌਲ ਨੂੰ ਖਾਲਸਾਈ ਰੰਗ ਵਿਚ ਰੰਗਿਆ। ਸਟੇਜ ਸੰਚਾਲਨ ਸ. ਬਲਵੀਰ ਸਿੰਘ ਢਿੱਲੋ ਅਤੇ ਡਾ. ਮਨਰੀਤ ਕੌਰ ਨੇ ਬਾਖੂਬੀ ਕੀਤਾ। ਮੇਲੇ ਵਿਚ ਲੱਗੇ ਹੋਏ ਸਟਾਲਾਂ ਤੋਂ ਲੋਕ ਵੱਖੋ-ਵੱਖ ਜਾਣਕਾਰੀ ਲੈ ਰਹੇ ਸਨ। ਫਾਰਮਰ ਅਜੀਤ ਸਿੰਘ ਗਿੱਲ ਅਤੇ ਸਹਿਯੋਗੀਆਂ ਵੱਲੋਂ ਮੁਫਤ ਦਸਤਾਰਾਂ ਸਜਾਈਆਂ ਜਾ ਰਹੀਆ ਸਨ। ਇਸ ਮੌਕੇ ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਦੇ ਪੱਤਰਕਾਰ ਕੁਲਵੰਤ ਧਾਲੀਆਂ ਅਤੇ ਨੀਟਾ ਮਾਛੀਕੇ ਨੂੰ ਸਨਮਾਨਿਤ ਕੀਤਾ ਗਿਆ। ਉਪਰੰਤ ਲੋਕਲ ਕਬੱਡੀ ਦੇ ਮੈਚ ਹੋਏ, ਜਿਹੜੇ ਦਰਸ਼ਕਾਂ ਨੇ ਬੜੇ ਉਤਸ਼ਾਹ ਨਾਲ ਵੇਖੇ।
ਪੰਜਾਬੀ ਭਾਈਚਾਰੇ ਦਾ ਮਾਣ ਕਬੱਡੀ ਕੁਮੈਂਟੇਟਰ ਰਾਜਵਿੰਦਰ ਰੰਡਿਆਲਾ ਨੇ ਲੰਮੇ ਸਮੇਂ ਬਾਅਦ ਕਬੱਡੀ ਗਰਾਉਂਡ ਵਿਚ ਹਾਜ਼ਰੀ ਭਰੀ, ਉਨ੍ਹਾਂ ਆਪਣੇ ਨਵੇਂ ਸ਼ੇਅਰਾਂ ਨਾਲ ਖੂਬ ਰੰਗ ਬੰਨ੍ਹਿਆ। ਕਬੱਡੀ ਮੈਚਾਂ ਦੀ ਕੁਮੈਂਟਰੀ ਸੁਚੱਜੇ ਢੰਗ ਨਾਲ ਕੁਮੈਂਟੇਟਰ ਸਵਰਨ ਸਿੰਘ ਨੇ ਕੀਤੀ। ਅਖੀਰ ਪੰਜਾਬੀਅਤ ਦੇ ਰੰਗ ਵਿਚ ਰੰਗਿਆ ਖਾਲਸਾਈ ਜਾਹੋ-ਜਲਾਲ ਵਿਚ ਗੜੁੱਚ ਇਹ ਵਿਸਾਖੀ ਮੇਲਾ ਯਾਦਗਾਰੀ ਹੋ ਨਿਬੜਿਆ। ਇਸ ਮੌਕੇ ਚਰਨਜੀਤ ਸਿੰਘ ਬਾਠ ਅਤੇ ਸਹਿਯੋਗੀ ਸੱਜਣਾਂ ਨੇ ਸਮੂਹ ਸਿੱਖ ਜਗਤ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ ਅਤੇ ਸਮੂਹ ਸੰਗਤ ਦਾ ਮੇਲੇ ਨੂੰ ਕਾਮਯਾਬ ਕਰਨ ਲਈ ਧੰਨਵਾਦ ਕੀਤਾ।
ਇਸ ਮੌਕੇ ਮੇਲੇ ਦੇ ਚੰਗੇ ਪ੍ਰਬੰਧਾਂ ਲਈ ਹਰ ਕੋਈ ਪ੍ਰਬੰਧਕ ਵੀਰਾਂ ਦੀ ਪ੍ਰਸ਼ੰਸਾ ਕਰਦਾ ਨਜ਼ਰ ਆਇਆ। ਜਿਨ੍ਹਾਂ ਸੱਜਣਾਂ ਦੇ ਸਹਿਯੋਗ ਨਾਲ ਮੇਲਾ ਕਾਮਯਾਬ ਹੋਇਆ, ਉਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ- ਚਰਨਜੀਤ ਸਿੰਘ ਬਾਠ, ਸਰਵਨ ਸਿੰਘ ਪੁਰੇਵਾਲ, ਸ਼ਰਨਜੀਤ ਸਿੰਘ ਪੁਰੇਵਾਲ, ਸੋਹਿੰਦਰ ਸਿੰਘ ਅਟਵਾਲ, ਕੁਲਵੰਤ ਸਿੰਘ ਗਿੱਲ, ਬਹਾਦਰ ਸਿੰਘ ਮਾਹਲ, ਜੋਗਿੰਦਰ ਸਿੰਘ ਧਾਲੀਵਾਲ, ਜਗਜੀਤ ਸਿੰਘ ਸੰਘੇੜਾ, ਗੁਰਦੇਵ ਸਿੰਘ ਸ਼ੇਰਗਿੱਲ, ਨਿਰਮਲ ਸਿੰਘ ਗਿੱਲ, ਜੋਹਣਾ ਸੰਧੂ, ਮੋਨਾ ਸੰਧੂ, ਬਲਜੀਤ ਸਿੰਘ ਅਟਵਾਲ, ਬਲਵੀਰ ਕੌਰ ਅਟਵਾਲ, ਹੈਰੀ ਬਰਾੜ, ਟੀਨਾ ਬਰਾੜ, ਜਸਵੀਰ ਸਿੰਘ ਗੋਸਲ, ਦੀਪਇੰਦਰ ਕੌਰ ਗੋਸਲ, ਬਲਜਿੰਦਰ ਸਿੰਘ ਗਰੇਵਾਲ, ਪਵਣ ਕੌਰ ਗਰੇਵਾਲ, ਜੁਗਿੰਦਰ ਸਿੰਘ ਥਿੰਦ (ਬਿੱਲੂ), ਨਵਕਿਰਨ ਕੌਰ ਥਿੰਦ, ਮੰਗਲ ਸਿੰਘ ਜੌਹਲ, ਕੁਲਵੰਤ ਸਿੰਘ ਧਾਮੀ, ਜਰਨੈਲ ਸਿੰਘ ਉੱਪਲ (ਜੈਰੀ), ਰਾਣਾ ਬਲੱਗਣ, ਕੰਵਰ ਸਿੰਘ ਬਾਠ, ਕਰਨੈਲ ਸਿੰਘ ਸੰਧਰ, ਹਰਪਾਲ ਸਿੰਘ ਮੁੰਡੀ, ਕਰਨਵੀਰ ਸਿੰਘ, ਜਸਵੰਤ ਸਿੰਘ ਸਿੱਧੂ, ਡਾ. ਨਵਜੋਤ ਸਿੰਘ ਸਹੋਤਾ, ਜੋਤੀ ਸਹੋਤਾ, ਅਤੇ ਬਲਬੀਰ ਸਿੰਘ ਢਿੱਲੋ ਆਦਿ।
ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਇਹ ਬੱਚਿਆਂ ਦਾ ਵਿਸਾਖੀ ਮੇਲਾ ਹਰ ਸਾਲ ਅਪ੍ਰੈਲ ਮਹੀਨੇ ਦੇ ਤੀਜੇ ਐਤਵਾਰ, ਸੈਲਮਾ ਸ਼ਹਿਰ ਦੇ ਨਗਰ ਕੀਰਤਨ ਤੋਂ ਮਗਰੋਂ ਇੱਕ ਹਫ਼ਤੇ ਬਾਅਦ ਜੋ ਐਤਵਾਰ ਆਉਂਦਾ ਹੈ, ਉਸ ਦਿਨ ਮਨਾਇਆ ਜਾਂਦਾ ਹੈ।