#PUNJAB

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਸਿਹਤ ਵਿਭਾਗ ਅਲਰਟ ‘ਤੇ

ਚੰਡੀਗੜ੍ਹ, 5 ਅਪ੍ਰੈਲ (ਪੰਜਾਬ ਮੇਲ)- ਸ਼ਹਿਰ ਵਿਚ ਵਧਦੇ ਕੋਰੋਨਾ ਮਾਮਲਿਆਂ ਨੂੰ ਵੇਖਦਿਆਂ ਸਿਹਤ ਵਿਭਾਗ ਨੇ ਅਲਰਟ ਰਹਿਣ ਦੀ ਗੱਲ ਕਹੀ ਹੈ। ਉਥੇ ਹੀ ਪੀ.ਜੀ.ਆਈ. ਵੀ ਅਲਰਟ ਮੋਡ ‘ਤੇ ਆ ਗਿਆ ਹੈ। ਪਲਮਨਰੀ ਮੈਡੀਸਿਨ ਡਿਪਾਰਟਮੈਂਟ ਦੇ ਹੈੱਡ ਪ੍ਰੋ. ਆਸ਼ੂਤੋਸ਼ ਅਗਰਵਾਲ ਮੁਤਾਬਿਕ ਪੀ.ਜੀ.ਆਈ. ਨੇ ਪਹਿਲਾਂ ਹੀ ਕੁਝ ਵਾਰਡਾਂ ਨੂੰ ਮਾਰਕ ਕਰ ਲਿਆ ਹੈ। ਆਉਣ ਵਾਲੇ ਦਿਨਾਂ ਵਿਚ ਮਰੀਜ਼ਾਂ ਦੀ ਗਿਣਤੀ ਵਧਦੀ ਹੈ, ਤਾਂ ਇਸ ਇਲਾਕੇ ਵਿਚ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰੱਖਿਆ ਜਾ ਸਕਦਾ ਹੈ। ਹਾਲਾਂਕਿ ਅਜੇ ਵੀ ਸੰਸਥਾ ਵਿਚ ਕੁਝ ਮਰੀਜ਼ਾਂ ਨੂੰ ਮੈਡੀਕਲ ਕੇਅਰ ਦੀ ਜ਼ਰੂਰਤ ਹੈ, ਜਿਨ੍ਹਾਂ ਨੂੰ ਐਡਮਿਟ ਕੀਤਾ ਗਿਆ ਹੈ। ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੀ ਗਿਣਤੀ ਬਹੁਤ ਘੱਟ ਹੈ। ਡਾ. ਆਸ਼ੂਤੋਸ਼ ਮੁਤਾਬਿਕ ਫਿਲਹਾਲ ਲੋਕਲ ਹੈਲਥ ਅਥਾਰਿਟੀ ਅਤੇ ਹਸਪਤਾਲ ਐਡਮਨਿਸਟ੍ਰੇਸ਼ਨ ਕੋਵਿਡ ਦੇ ਗ੍ਰਾਫ਼ ਨੂੰ ਕਾਫ਼ੀ ਨੇੜਿਓਂ ਮਾਨੀਟਰ ਕਰ ਰਿਹਾ ਹੈ। ਆਉਣ ਵਾਲੇ ਸਮੇਂ ਵਿਚ ਹਾਲਾਤ ਕਿੰਝ ਰਹਿਣਗੇ ਅਜੇ ਇਸ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਸ ਦੇ ਬਾਵਜੂਦ ਲੋਕਾਂ ਨੂੰ ਜ਼ਿਆਦਾ ਅਲਰਟ ਰਹਿਣ ਦੀ ਜ਼ਰੂਰਤ ਹੈ।
ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਸੁਮਨ ਸਿੰਘ ਮੁਤਾਬਿਕ ਜਿਨੋਮ ਸੀਕਵੈਂਸਿੰਗ ਅਜੇ ਵੀ ਜਾਰੀ ਹੈ। ਹਾਲ ਹੀ ਦੇ ਨਤੀਜੇ ਵਿਚ ਪਤਾ ਲੱਗਿਆ ਸੀ ਕਿ ਸ਼ਹਿਰ ਵਿਚ ਓਮੀਕਰੋਨ ਵੇਰੀਐਂਟ ਹੀ ਮੌਜੂਦ ਹੈ। ਉਥੇ ਹੀ ਡਾ. ਆਸ਼ੂਤੋਸ਼ ਦਾ ਕਹਿਣਾ ਹੈ ਕਿ ਅਜੇ ਤੱਕ ਜੋ ਮਾਮਲੇ ਆ ਰਹੇ ਹਨ, ਉਨ੍ਹਾਂ ਮਰੀਜ਼ਾਂ ਵਿਚ ਹਲਕੇ ਲੱਛਣ ਹੀ ਦੇਖੇ ਜਾ ਰਹੇ ਹਨ, ਜਿਨ੍ਹਾਂ ਨੂੰ ਘਰ ‘ਚ ਹੀ ਮੈਨੇਜ ਕੀਤਾ ਜਾ ਸਕਦਾ ਹੈ। ਇਸ ਲਈ ਹੁਣ ਤੱਕ ਸਰਗਰਮ ਕੇਸਾਂ ਵਿਚ ਹੋਮ ਆਈਸੋਲੇਸ਼ਨ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ। ਸਾਵਧਾਨੀ ਵਜੋਂ ਸੋਸ਼ਲ ਡਿਸਟੈਂਸ ਦਾ ਪਾਲਣ ਕਰਨਾ ਜਾਰੀ ਰੱਖਣਾ ਚਾਹੀਦਾ ਹੈ ਅਤੇ ਭੀੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਬਚਣਾ ਚਾਹੀਦਾ ਹੈ। ਨਾਲ ਹੀ ਮਾਸਕ ਦੀ ਵਰਤੋਂ ਕਰੋ ਅਤੇ ਹੱਥ ਜ਼ਰੂਰ ਧੋਵੋ।
ਪੀ.ਜੀ.ਆਈ. ਡਾਇਰੈਕਟਰ ਡਾ. ਵਿਵੇਕ ਲਾਲ ਦਾ ਕਹਿਣਾ ਹੈ ਕਿ ਅਜੇ ਨਵੇਂ ਵੇਰੀਐਂਟ ਸਬੰਧੀ ਕੁਝ ਨਹੀਂ ਕਿਹਾ ਜਾ ਸਕਦਾ ਹੈ। ਅਜਿਹੇ ਵਿਚ ਸਾਵਧਾਨੀ ਬਹੁਤ ਜ਼ਰੂਰੀ ਹੈ। ਕੋਵਿਡ ਨਿਯਮਾਂ ਦੀ ਪਾਲਣਾ ਇਸ ਸਮੇਂ ਬਹੁਤ ਜ਼ਰੂਰੀ ਹੈ। ਅਜੇ ਤੱਕ ਸਿੰਪਟੋਮੈਟਿਕ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ ਅਤੇ ਇਹ ਥੋੜ੍ਹੀ ਰਾਹਤ ਦੀ ਗੱਲ ਹੈ। ਜਿਹੜੇ ਲੋਕਾਂ ਨੇ ਅਜੇ ਤੱਕ ਬੂਸਟਰ ਡੋਜ਼ ਨਹੀਂ ਲਵਾਈ ਹੈ, ਉਨ੍ਹਾਂ ਨੂੰ ਛੇਤੀ ਲੈਣੀ ਚਾਹੀਦੀ ਹੈ, ਤਾਂ ਕਿ ਇਮਿਊਨਿਟੀ ਨੂੰ ਮਜ਼ਬੂਤ ਕੀਤਾ ਜਾ ਸਕੇ। ਹਾਲਾਂਕਿ ਅਜੇ ਵੀ ਸ਼ਹਿਰ ‘ਚ ਵੈਕਸੀਨ ਦਾ ਗ੍ਰਾਫ਼ ਉੱਪਰ ਵੱਲ ਨਹੀਂ ਜਾ ਰਿਹਾ ਹੈ।

Leave a comment