#PUNJAB

ਕੋਟਕਪੂਰਾ ਗੋਲੀਕਾਂਡ: ਪੁਲਿਸ ਫੋਰਸ ‘ਤੇ ਕਥਿਤ ਹਮਲਾ ਕਰਨ ਵਾਲੇ ਸਿੱਖ ਪ੍ਰਚਾਰਕਾਂ ਨੂੰ ਅਦਾਲਤ ‘ਚ ਤਲਬ ਕਰਨ ਦੀ ਮੰਗ

-ਅਗਲੀ ਸੁਣਵਾਈ ਹੁਣ 4 ਨਵੰਬਰ ਨੂੰ ਹੋਵੇਗੀ
ਫਰੀਦਕੋਟ, 18 ਅਕਤੂਬਰ (ਪੰਜਾਬ ਮੇਲ)- ਕੋਟਕਪੂਰਾ ਗੋਲੀ ਕਾਂਡ ‘ਚ ਨਾਮਜ਼ਦ ਕੀਤੇ ਗਏ ਪੁਲਿਸ ਅਧਿਕਾਰੀਆਂ ਨੇ ਇਲਾਕਾ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ਵਿਚ ਅਰਜ਼ੀ ‘ਤੇ ਬਹਿਸ ਕਰਦਿਆਂ ਕਿਹਾ ਕਿ 14 ਅਕਤੂਬਰ 2015 ਨੂੰ ਵਾਪਰੇ ਗੋਲੀ ਕਾਂਡ ਵਿਚ ਪੁਲਿਸ ਫੋਰਸ ‘ਤੇ ਕਥਿਤ ਹਮਲਾ ਕਰਨ ਦੇ ਦੋਸ਼ ਵਿਚ 12 ਸਿੱਖ ਪ੍ਰਚਾਰਕਾਂ ਨੂੰ ਮੁਲਜ਼ਮ ਵਜੋਂ ਅਦਾਲਤ ਵਿਚ ਤਲਬ ਕੀਤਾ ਜਾਵੇ। ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਅਤੇ ਥਾਣਾ ਸਿਟੀ ਕੋਟਕਪੂਰਾ ਦੇ ਐੱਸ.ਐੱਚ.ਓ. ਗੁਰਦੀਪ ਪੰਧੇਰ ਨੇ ਅਦਾਲਤ ਵਿਚ ਅਰਜ਼ੀ ਦੇ ਕੇ ਕਿਹਾ ਕਿ ਸਿੱਖ ਪ੍ਰਚਾਰਕਾਂ ਦੇ ਹਮਲੇ ਵਿਚ 40 ਤੋਂ ਵੱਧ ਪੁਲਿਸ ਮੁਲਾਜ਼ਮ ਜਖ਼ਮੀ ਹੋਏ ਸਨ ਪਰ ਹਮਲਾਵਰਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਪੁਲਿਸ ਅਧਿਕਾਰੀਆਂ ਦੇ ਇਸ ਦਾਅਵੇ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪੁਲਿਸ ‘ਤੇ ਸਿੱਖ ਪ੍ਰਚਾਰਕਾਂ ਵੱਲੋਂ ਹਮਲਾ ਨਹੀਂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਨੇ ਆਪਣੀ ਅਰਜ਼ੀ ਵਿਚ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂ ਵਾਲਾ, ਹਰਨਾਮ ਸਿੰਘ ਧੁੰਮਾ, ਬਲਜੀਤ ਸਿੰਘ ਦਾਦੂਵਾਲ, ਅਵਤਾਰ ਸਿੰਘ ਅਤੇ ਰਛਪਾਲ ਸਿੰਘ ਸਣੇ 12 ਪ੍ਰਚਾਰਕਾਂ ‘ਤੇ ਪੁਲਿਸ ਉੱਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਲਾਏ ਹਨ। ਅਦਾਲਤ ਨੇ ਕੋਟਕਪੂਰਾ ਗੋਲੀ ਕਾਂਡ ਦੀ ਵੀਡੀਓ ਵੀ ਦੇਖੀ, ਜਿਸ ਵਿਚ ਕੁੱਝ ਸਿੱਖ ਆਗੂਆਂ ਦੇ ਗੋਲੀਆਂ ਵੱਜਦੀਆਂ ਦਿਖਾਈਆਂ ਗਈਆਂ ਹਨ। ਅਦਾਲਤ ਵਿਚ ਸੁਣਵਾਈ ਦੌਰਾਨ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਸੁਖਬੀਰ ਸਿੰਘ ਬਾਦਲ ਅਤੇ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਪੇਸ਼ ਨਹੀਂ ਹੋਏ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 4 ਨਵੰਬਰ ਨੂੰ ਹੋਵੇਗੀ।

Leave a comment