#AMERICA

ਕੈਲੀਫੋਰਨੀਆ ਸੈਨੇਟ ਵੱਲੋਂ ਸਿੱਖਾਂ ਨੂੰ ਸੁਰੱਖਿਆ ਹੈਲਮੇਟ ਪਹਿਣਨ ਤੋਂ ਛੋਟ ਦੇਣ ਵਾਲੇ ਬਿਲ ਨੂੰ ਮਨਜ਼ੂਰੀ

ਸੈਕਰਾਮੈਂਟੋ, 7 ਜੂਨ (ਪੰਜਾਬ ਮੇਲ)- ਕੈਲੀਫੋਰਨੀਆ ਦੀ ਸੈਨੇਟ ਨੇ ਮੋਟਰਸਾਈਕਲ ਚਲਾਉਂਦੇ ਸਮੇਂ ਸਿੱਖਾਂ ਨੂੰ ਸੁਰੱਖਿਆ ਹੈਲਮੇਟ ਪਹਿਣਨ ਤੋਂ ਛੋਟ ਦੇਣ ਵਾਲੇ ਬਿਲ ਨੂੰ ਮਨਜ਼ੂਰੀ ਦੇ ਦਿੱਤੀ ਹੈ। 2021 ਦੇ ਅਮਰੀਕੀ ਸਮੂਦਾਇਕ ਸਰਵੇਖਣ ਦੇ ਅਨੁਮਾਨ ਮੁਤਾਬਕ 2,11,000 ਸਿੱਖ ਕੈਲੀਫੋਰਨੀਆ ਵਿਚ ਰਹਿੰਦੇ ਹਨ, ਜੋ ਅਮਰੀਕਾ ਵਿਚ ਰਹਿਣ ਵਾਲੇ ਸਾਰੇ ਸਿੱਖਾਂ ਦੀ ਲਗਭਗ ਅੱਧੀ ਗਿਣਤੀ ਹੈ। ਸੈਨੇਟਰ ਬ੍ਰਾਇਨ ਡਾਹਲੇ ਦੁਆਰਾ ਲਿਖੇ ਗਏ ਸੈਨੇਟ ਬਿੱਲ ਨੂੰ ਇਸ ਹਫ਼ਤੇ ਰਾਜ ਦੀ ਸੈਨੇਟ ਦੁਆਰਾ 21-8 ਵੋਟਾਂ ਨਾਲ ਮਨਜ਼ੂਰੀ ਦਿੱਤੀ ਗਈ ਅਤੇ ਹੁਣ ਇਹ ਵਿਧਾਨ ਸਭਾ ਵਿਚ ਜਾਵੇਗਾ। ਡੈਹਲੇ ਨੇ ਸੈਨੇਟ ਵਿਚ ਬਿੱਲ ਪੇਸ਼ ਕੀਤੇ ਜਾਣ ਤੋਂ ਬਾਅਦ ਇੱਕ ਬਿਆਨ ਵਿਚ ਕਿਹਾ ਕਿ ”ਧਰਮ ਦੀ ਆਜ਼ਾਦੀ ਇਸ ਦੇਸ਼ ਦੀ ਇੱਕ ਮੁੱਖ ਨੀਂਹ ਹੈ।”
ਉਸ ਨੇ ਕਿਹਾ ਕਿ ‘ਅਮਰੀਕੀ ਹੋਣ ਦੇ ਨਾਤੇ ਸਾਡੇ ਕੋਲ ਆਪਣੇ ਧਰਮ ਨੂੰ ਸੁਤੰਤਰ ਤੌਰ ‘ਤੇ ਪ੍ਰਗਟਾਉਣ ਦਾ ਅਧਿਕਾਰ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਅਧਿਕਾਰ ਸਾਰਿਆਂ ਨੂੰ ਬਰਾਬਰ ਹੋਣਾ ਚਾਹੀਦਾ ਹੈ। ਉਸਨੇ ਕਿਹਾ ਕਿ ਪੱਗ ਜਾਂ ਪਟਕਾ ਪਹਿਨਣ ਵਾਲਿਆਂ ਨੂੰ ਹੈਲਮੇਟ ਪਹਿਨਣ ਤੋਂ ਛੋਟ ਦੇਣਾ ਇਹ ਯਕੀਨੀ ਬਣਾਉਣ ਦਾ ਇੱਕ ਆਸਾਨ ਤਰੀਕਾ ਹੈ ਕਿ ਹਰ ਕਿਸੇ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਕੀਤੀ ਜਾਵੇ। ਸਟੇਟ ਸੈਨੇਟ ਨੂੰ ਦੱਸਿਆ ਗਿਆ ਕਿ ਅਜੇ ਤੱਕ ਬਜ਼ਾਰ ਵਿਚ ਅਜਿਹਾ ਕੋਈ ਹੈਲਮੇਟ ਉਪਲਬਧ ਨਹੀਂ ਹੈ, ਜਿਸ ਵਿਚ ਪੱਗ ਜਾਂ ਪਟਕਾ ਹੋਵੇ, ਪਰ ਸਿੱਖ ਭਾਈਚਾਰੇ ਦੇ ਮੈਂਬਰਾਂ ਅਨੁਸਾਰ ਦਸਤਾਰ ਇੱਕ ਚੰਗੀ ਸੁਰੱਖਿਆ ਹੈ। ਵਰਤਮਾਨ ਵਿਚ 18 ਰਾਜਾਂ ਅਤੇ ਵਾਸ਼ਿੰਗਟਨ ਡੀ.ਸੀ. ਵਿਚ ਸਾਰੇ ਸਵਾਰੀਆਂ ਲਈ ਇੱਕ ਯੂਨੀਵਰਸਲ ਹੈਲਮੇਟ ਕਾਨੂੰਨ ਹੈ। 29 ਰਾਜਾਂ ਵਿਚ ਖਾਸ ਸਵਾਰੀਆਂ ਲਈ ਇੱਕ ਨਿਸ਼ਚਿਤ ਉਮਰ (18 ਜਾਂ 21) ਤੋਂ ਬਾਅਦ ਹੈਲਮੇਟ ਦੀ ਲੋੜ ਹੁੰਦੀ ਹੈ। ਸਿਰਫ਼ ਇਲੀਨੋਇਸ, ਆਇਓਵਾ ਅਤੇ ਨਿਊ ਹੈਂਪਸ਼ਾਇਰ ਵਿਚ ਮੋਟਰਸਾਈਕਲ ਹੈਲਮੇਟ ਕਾਨੂੰਨ ਨਹੀਂ ਹਨ।
ਕੈਨੇਡਾ ਵਿਚ ਵੀ ਸਿੱਖਾਂ ਨੂੰ ਮਿਲੀ ਛੋਟ
ਸਿੱਖਾਂ ਲਈ ਹੈਲਮੇਟ ‘ਤੇ ਛੋਟ ਦੇਣ ਸਬੰਧੀ ਕੈਨੇਡਾ ਅਤੇ ਯੂ.ਕੇ. ਵਰਗੇ ਹੋਰ ਦੇਸ਼ਾਂ ਵਿਚ ਵੀ ਵਿਚਾਰ-ਚਰਚਾ ਜਾਰੀ ਹੈ। ਕੈਨੇਡਾ ਵਿਚ ਸਿੱਖਾਂ ਨੂੰ ਅਲਬਰਟਾ, ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ ਅਤੇ ਓਨਟਾਰੀਓ ਸਮੇਤ ਕਈ ਸੂਬਿਆਂ ਵਿਚ ਮੋਟਰਸਾਈਕਲ ਹੈਲਮੈਟ ਕਾਨੂੰਨਾਂ ਤੋਂ ਛੋਟ ਹੈ। ਬਿੱਲ ਦੇ ਸਮਰਥਕਾਂ ਵਿਚ ਲੀਜੈਂਡਰੀ ਸਿੱਖ ਰਾਈਡਰਜ਼, ਸਿੱਖ ਲੈਜੈਂਡਜ਼ ਆਫ ਅਮਰੀਕਾ ਅਤੇ ਸਿੱਖ ਸੇਂਟਸ ਮੋਟਰਸਾਈਕਲ ਕਲੱਬ ਸ਼ਾਮਲ ਹਨ।

Leave a comment