#AMERICA

ਕੈਲੀਫੋਰਨੀਆ ਵਿਚ ਸ਼ਰਾਬ ਦੇ ਠੇਕੇ  ‘ਤੇ ਲੁੱਟ ਖੋਹ ਦੌਰਾਨ ਹੋਈ ਗੋਲੀਬਾਰੀ ਵਿਚ ਠੇਕੇ ਦੇ ਮੁਲਾਜ਼ਮ ਸਮੇਤ 2 ਮੌਤਾਂ

ਸੈਕਰਾਮੈਂਟੋ, ਕੈਲੀਫੋਰਨੀਆ 15 ਜੂਨ  (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿਚ ਇਕ ਲਿਕੁਰ ਸਟੋਰ ‘ਤੇ ਲੁੱਟ ਖੋਹ ਦੀ ਕੋਸ਼ਿਸ਼ ਦੌਰਾਨ ਹੋਈ ਗੋਲੀਬਾਰੀ ਵਿਚ ਇਕ 16 ਸਾਲਾ ਲੜਕੇ ਤੇ 20 ਸਾਲ ਦੇ ਕਲਰਕ ਦੀ ਮੌਤ ਹੋਣ ਦੀ ਖਬਰ ਹੈ। ਇਹ ਘਟਨਾ ਫਰਿਜਨੋ ਤੋਂ ਤਕਰੀਬਨ 40 ਮੀਲ ਦੂਰ ਦੱਖਣ ਪੂਰਬ ਵਿਚ ਵਿਸਾਲੀਆ ਵਿਚ ਈ ਜ਼ੈਡ ਮਾਰਟ ਲਿਕੁਰ ਸਟੋਰ ਵਿਖੇ ਵਾਪਰੀ। ਸੂਚਨਾ ਮਿਲਣ ‘ਤੇ ਪੁਲਿਸ ਸਥਾਨਕ ਸਮੇ ਅਨੁਸਾਰ ਰਾਤ 11 ਵਜੇ ਦੇ ਆਸ ਪਾਸ ਘਟਨਾ ਸਥਾਨ ‘ਤੇ ਪੁੱਜੀ। ਵਿਸਾਲੀਆ ਪੁਲਿਸ ਵਿਭਾਗ ਅਨੁਸਾਰ 20 ਸਾਲਾ ਕਲਰਕ ਨੂੰ ਸਟੋਰ ਵਿਚ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਜਦਕਿ 16 ਸਾਲਾ ਇਕ ਲੜਕਾ ਪਾਰਕਿੰਗ ਵਿਚ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਕਾਵੀਹ ਹੈਲਥ ਮੈਡੀਕਲ ਸੈਂਟਰ ਵਿਚ ਲਿਜਾਇਆ ਗਿਆ ਜਿਥੇ ਉਹ ਦਮ ਤੋੜ ਗਿਆ। ਹਿੰਸਕ ਅਪਰਾਧ ਬਾਰੇ ਖੁਫੀਆ ਵਿਭਾਗ ਅਨੁਸਾਰ 16 ਸਾਲਾ ਲੜਕੇ ਨੇ ਸ਼ਰਾਬ ਦੇ ਠੇਕੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਿਸ ਦੌਰਾਨ ਲੜਕੇ ਤੇ ਸਟੋਰ ਦੇ ਕਲਰਕ ਵਿਚਾਲੇ ਗੋਲੀਆਂ ਦਾ ਵਟਾਂਦਰਾ ਹੋਇਆ। ਪੁਲਿਸ ਨੇ ਮਾਮਲੇ ਦੇ ਹੱਲ ਲਈ ਆਮ ਲੋਕਾਂ ਨੂੰਮੱਦਦ ਕਰਨ ਲਈ ਕਿਹਾ ਹੈ ਤਾਂ ਜੋ ਘਟਨਾ ਵਿਚ ਸ਼ਾਮਿਲ ਕਿਸੇ ਤੀਸਰੇ ਸੰਭਾਵੀ ਵਿਅਕਤੀ ਦਾ ਪਤਾ ਲਾਇਆ ਜਾ ਸਕੇ।

Leave a comment