ਸੈਕਰਾਮੈਂਟੋ, 26 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦਲਿਤ ਆਗੂ ਇੰਜੀਨੀਅਰ ਮਿਲਿੰਡ ਮਕਵਾਨਾ ਜਿਸ ਨੇ ਕੈਲੀਫੋਰਨੀਆ ਅਸੈਂਬਲੀ ਵਿਚ ਜਾਤੀ ਭੇਦਭਾਵ ਬਿੱਲ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਸੀ, ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ। ਮਿਲਿੰਡ ਦੀ ਮੌਤ ਕਾਰਨ ਭਾਰਤੀ ਭਾਈਚਾਰੇ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਕੂਪਰਟਿਨੋ ਸਿਟੀ ਕੌਂਸਲ ਦੀ ਮੀਟਿੰਗ ਵਿਚ ਐੱਸ.ਬੀ.-403 ਜਾਤੀ ਭੇਦਭਾਵ ਬਿੱਲ ਵਿਰੁੱਧ ਆਪਣੇ ਵਿਚਾਰ ਰੱਖਣ ਤੋਂ ਥੋੜੀ ਦੇਰ ਬਾਅਦ ਮਕਵਾਨਾ ਨੂੰ ਦਿਲ ਦਾ ਦੌਰਾ ਪਿਆ, ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਇਆ। ਕੋਲੀਸ਼ਨ ਆਫ ਹਿੰਦੂ ਨਾਰਥ ਅਮਰੀਕਾ ਨੇ ਇਕ ਟਵੀਟ ਵਿਚ ਮਕਵਾਨਾ ਦੀ ਮੌਤ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ”ਮਿਲਿੰਡ ਮਕਵਾਨਾ ਨੇ ਹਿੰਦੂ ਭਾਈਚਾਰੇ ਨੂੰ ਧਰਮ ਲਈ ਜੱਦੋ-ਜਹਿਦ ਕਰਨ ਵਾਸਤੇ ਉਤਸ਼ਾਹਿਤ ਕੀਤਾ। ਬੇ ਏਰੀਆ ਵਿਚ ਸਾਡੇ ਵਿਚੋਂ ਕਈਆਂ ਨੂੰ ਉਸ ਨਾਲ ਕੰਮ ਕਰਨ ਤੇ ਉਸ ਕੋਲੋਂ ਸਿੱਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਵਿਚ ਹਿੰਦੂਤਵ ਲਈ ਕਮਾਲ ਦੀ ਊਰਜਾ ਤੇ ਉਤਸ਼ਾਹ ਸੀ। ਉਸ ਦੇ ਆਖਰੀ ਸ਼ਬਦ ਸਨ, ਕਮਜ਼ੋਰਾਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।” ਇਥੇ ਜ਼ਿਕਰਯੋਗ ਹੈ ਕਿ ਕੂਪਰਟਿਨੋ ਸਿਟੀ ਕੌਂਸਲ ਦੀ ਮੀਟਿੰਗ ਸਬੰਧੀ ਇਕ ਵੀਡੀਓ ‘ਚ ਮਕਵਾਨਾ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਕਿ ਮੈਨੂੰ ਆਪਣੇ ਹਿੰਦੂ ਹੋਣ ਉਪਰ ਮਾਣ ਹੈ। ਮੇਰਾ ਪਿਛੋਕੜ ਹਾਸ਼ੀਏ ‘ਤੇ ਧੱਕ ਦਿੱਤੇ ਗਏ ਭਾਈਚਾਰੇ ਨਾਲ ਹੈ ਪਰ ਮੈਂ ਇਕ ਗੌਰਵਸ਼ਾਲੀ ਹਿੰਦੂ ਹਾਂ। ਇਸ ਲਈ ਜੋ ਲੋਕ ਇਥੇ ਸਾਡੀ ਪ੍ਰਤੀਨਿੱਧਤਾ ਕਰਨ ਦਾ ਦਾਅਵਾ ਕਰਦੇ ਹਨ ਪਰੂੰਤ ਜੇਕਰ ਉਹ ਹਿੰਦੂਆਂ ਨੂੰ ਨਜ਼ਰਅੰਦਾਜ਼ ਕਰਦੇ ਹਨ, ਤਾਂ ਇਹ ਸਾਡੀ ਗੱਲ ਸਾਡੇ ਤੋਂ ਬਿਨਾਂ ਕਰਨ ਵਾਂਗ ਹੈ।” ਮੁੰਬਈ ਵਿਚ ਜੰਮੇ-ਪਲੇ ਮਕਵਾਨਾ 2006 ‘ਚ ਅਮਰੀਕਾ ਆਏ ਸਨ। ਉਨ੍ਹਾਂ ਨੇ ਰੋਚੈਸਟਰ, ਨਿਊਯਾਰਕ ‘ਚ ਟੈਕਨਾਲੋਜੀ ਪ੍ਰੋਫੈਸ਼ਨਲ ਵਜੋਂ ਕੰਮ ਕੀਤਾ। ਉਹ ਬਹੁਤ ਸਾਰੀਆਂ ਸਮਾਜਿਕ ਗਤੀਵਿਧੀਆਂ ਨਾਲ ਜੁੜੇ ਹੋਏ ਸਨ।