ਸੈਕਰਾਮੈਂਟੋ, 1 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਕੈਲੀਫੋਰਨੀਆ ਦੇ ਇਕ ਹਵਾਈ ਅੱਡੇ ‘ਤੇ ਉਡਾਣ ਭਰਨ ਸਮੇਂ ਇਕ ਛੋਟਾ ਜਹਾਜ਼ ਤਬਾਹ ਹੋਣ ਦੀ ਖਬਰ ਹੈ। ਪਾਇਲਟ ਸਮੇਤ ਜਹਾਜ਼ ਵਿਚ ਸਵਾਰ ਸਾਰੇ 3 ਵਿਅਕਤੀ ਮਾਰੇ ਗਏ। ਫੈਡਰਲ ਐਵੀਏਸ਼ਨ ਅਧਿਕਾਰੀਆਂ ਅਨੁਸਾਰ ਇਕ ਇੰਜਣ ਵਾਲਾ ਬੀਚਕਰਾਫਟ ਪੀ 35 ਅਪਲੈਂਡ ਸ਼ਹਿਰ ਦੇ ਕੇਬਲ ਏਅਰਪੋਰਟ ‘ਤੇ ਸਵੇਰੇ 6.30 ਵਜੇ ਦੇ ਆਸ-ਪਾਸ ਉਡਾਣ ਭਰਨ ਦੇ ਤੁਰੰਤ ਬਾਅਦ ਤਬਾਹ ਹੋ ਗਿਆ। ਸੈਨ ਬਰਨਾਰਡਿਨੋ ਕਾਊਂਟੀ ਫਾਇਰ ਵਿਭਾਗ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਹਾਦਸੇ ਦੇ ਕਾਰਨਾਂ ਬਾਰੇ ਤੁਰੰਤ ਪਤਾ ਨਹੀਂ ਲੱਗ ਸਕਿਆ। ਸੰਘੀ ਹਵਾਬਾਜ਼ੀ ਅਧਿਕਾਰੀਆਂ ਨੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਕਰੇਗਾ। ਕੈਲੀਫੋਰਨੀਆ ਦਾ ਅਪਲੈਂਡ ਸ਼ਹਿਰ ਲਾਸ ਏਂਜਲਸ ਦੇ ਪੂਰਬ ‘ਚ ਤਕਰੀਬਨ 36 ਮੀਲ ਦੂਰ ਸਥਿਤ ਹੈ।