#AMERICA

ਕੈਲੀਫੋਰਨੀਆ ਦੇ ਇਕ ਮੈਡੀਕਲ ਸੈਂਟਰ ਤੋਂ ਫਰਾਰ ਹੋਏ ਹੱਤਿਆ ਤੇ ਹੋਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਦੋਸ਼ੀ ਦੀ ਵੱਡੀ ਪੱਧਰ ‘ਤੇ ਭਾਲ

ਸੈਕਰਾਮੈਂਟੋ, 11 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹੱਤਿਆ ਤੇ ਹੋਰ ਦੋਸ਼ਾਂ ਦਾ ਸਾਹਮਣਾ ਕਰ ਰਹੇ  ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਇਕ ਮੈਡੀਕਲ ਸੈਂਟਰ ਵਿਚੋਂ ਫਰਾਰ ਹੋਏ ਐਰਿਕ ਜੇ ਐਬਰਿਲ ਨਾਮੀ ਦੋਸ਼ੀ ਦੀ ਪੁਲਿਸ ਵੱਡੀ ਪੱਧਰ ਉਪਰ ਭਾਲ ਕਰ ਰਹੀ ਹੈ। ਰੋਜ਼ਵਿਲ ਪੁਲਿਸ ਨੇ ਆਮ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਉਹ 35 ਸਾਲਾ ਐਰਿਕ ਜੇ ਐਬਰਿਲ ਨੂੰ ਵੇਖਣ ਤਾਂ ਉਹ ਬੇਹੱਦ ਚੌਕਸੀ ਵਰਤਣ ਤੇ ਪੁਲਿਸ ਨੂੰ ਸੂਚਿਤ ਕਰਨ। ਪੁਲਿਸ ਅਨੁਸਾਰ ਉਸ ਦਾ ਵਿਸ਼ਵਾਸ ਹੈ ਕਿ ਜਦੋਂ ਐਬਰਿਲ ਸੂਟਰ ਮੈਡੀਕਲ ਸੈਂਟਰ ਤੋਂ ਫਰਾਰ ਹੋਇਆ ਸੀ ਤਾਂ ਉਸ ਨੇ ਕੇਵਲ ਸੰਤਰੀ ਰੰਗ ਦੀ ਜੇਲ ਵਾਲੀ ਪੈਂਟ ਪਾਈ ਹੋਈ ਸੀ। ਸ਼ੈਰਿਫ ਦਫਤਰ ਤੇ ਰੋਜ਼ਵਿਲ ਪੁਲਿਸ ਨੇ ਕਿਹਾ ਹੈ ਕਿ ਐਬਰਿਲ ਵਿਰੁੱਧ ਹੱਤਿਆ, ਹੱਤਿਆ ਦੀ ਕੋਸ਼ਿਸ ਤੇ ਅਗਵਾ ਕਰਨ ਸਬੰਧੀ ਦੋਸ਼ ਹਨ। ਐਬਰਿਲ ਵਿਰੁੱਧ ਦੋਸ਼ ਹੈ ਕਿ ਉਸ ਨੇ ਇਸ ਸਾਲ 6 ਅਪ੍ਰੈਲ ਨੂੰ ਸਥਾਨਕ ਰੋਜ਼ਵਿਲ ਪਾਰਕ ਵਿਚ ਗੋਲੀਬਾਰੀ ਕਰਕੇ ਇਕ ਪੁਲਿਸ ਅਫਸਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਗੋਲੀਬਾਰੀ ਵਿਚ ਪੁਲਿਸ ਅਫਸਰ ਗੰਭੀਰ ਜ਼ਖਮੀ ਹੋ ਗਿਆ ਸੀ, ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

Leave a comment