#AMERICA

ਕੈਲੀਫੋਰਨੀਆ ਤੇ ਨੇਵਾਡਾ ਵਿਚ ਜੰਗਲਾਂ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਿਆ, ਹਜਾਰਾਂ ਏਕੜ ਜੰਗਲ ਸੜ ਕੇ ਹੋਏ ਸਵਾਹ

ਸੈਕਰਾਮੈਂਟੋ,ਕੈਲੀਫੋਰਨੀਆ , 4 ਅਗਸਤ(ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਅਮਰੀਕਾ ਦੇ ਕੈਲੀਫੋਰਨੀਆ ਤੇ ਨੇਵਾਡਾ ਰਾਜਾਂ ਵਿਚ ਜੰਗਲ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਿਸ ਕਾਰਨ ਅੱਗ ਬੁਝਾਊ ਅਮਲੇ ਨੂੰ ਅਸਧਾਰਨ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਅੱਗ ਨੂੰ ‘ਯਾਰਕ ਫਾਇਰ’ ਦਾ ਨਾਂ ਦਿੱਤਾ ਹੈ ਜੋ ਕੈਲੀਫੋਰਨੀਆ ਦੀ ਇਸ ਸਾਲ ਦੀ ਸਭ ਤੋਂ ਵੱਡੀ ਤੇ ਭਿਆਨਕ ਅੱਗ ਸੀ। ਅੱਗ ਹੁਣ ਤਕ 80000 ਏਕੜ ਤੋਂ ਵਧ ਰਕਬਾ ਸਾੜ ਕੇ ਸਵਾਹ ਕਰ ਚੁੱਕੀ ਹੈ। ਅੱਗ ਪਿਛਲੇ ਹਫਤੇ ਦੇ ਅੰਤ ਵਿਚ ਨਿਊ ਯਾਰਕ ਮਾਊਂਟੇਨ ਰੇਂਜ ਕੈਲੀਫੋਰਨੀਆ ਦੇ ਮੋਜੇਵ ਨੈਸ਼ਨਲ ਪ੍ਰੀਜ਼ਰਵ ਤੋਂ ਸ਼ੁਰੂ ਹੋਈ ਸੀ ਤੇ ਨੇਵਾਡਾ ਵਿਚ ਦਾਖਲ ਹੋ ਗਈ ਸੀ। ਸੋਮਵਾਰ ਤੇ ਮੰਗਲਵਾਰ ਤੱਕ ਅੱਗ ਬੁਝਾਊ ਕਾਮੇ 23% ਤੱਕ ਅੱਗ ਉਪਰ ਨਿਯੰਤਰਣ ਕਰਨ ਵਿਚ ਸਫਲ ਹੋਏ ਹਨ। ਅਧਿਕਾਰੀਆਂ ਨੇ ਕਿਹਾ ਹੈ ਕਿ ਕੈਲੀਫੋਰਨੀਆ-ਨੇਵਾਡਾ ਅੱਗ ਅਜੇ ਵੀ ਤੇਜੀ ਨਾਲ ਫੈਲ ਰਹੀ ਹੈ ਤੇ ਅਸਧਾਰਨ ਹਾਲਾਤ ਪੈਦਾ ਕਰ ਰਹੀ ਹੈ ਜਿਸ ਕਾਰਨ ਇਸ ਉਪਰ ਕਾਬੂ ਪਾਉਣਾ ਵਧੇਰੇ ਖਤਰਨਾਕ ਤੇ ਮੁਸ਼ਕਿਲ ਹੋ ਗਿਆ ਹੈ।

Leave a comment