#AMERICA

ਕੈਲੀਫੋਰਨੀਆ ‘ਚ 27 ਸ਼ੱਕੀ ਗਿਰੋਹ ਮੈਂਬਰ ਗ੍ਰਿਫਤਾਰ; 68 ਕਿਲੋ ਨਸ਼ੀਲੇ ਪਦਾਰਥ ਬਰਾਮਦ

-ਅਸੀਂ ਸੰਗਠਤ ਅਪਰਾਧੀ ਗਿਰੋਹਾਂ ਨੂੰ ਸਖਤ ਸੁਨੇਹਾ ਦਿੱਤਾ : ਅਟਾਰਨੀ ਜਨਰਲ
ਸੈਕਰਾਮੈਂਟੋ, 4 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਲਾਸ ਏਂਜਲਸ (ਕੈਲੀਫੋਰਨੀਆ) ‘ਚ ਸੰਗਠਤ ਅਪਰਾਧ ਦੇ ਮਾਮਲਿਆਂ ਵਿਚ ਕਈ ਮਹੀਨੇ ਚੱਲੀ ਜਾਂਚ ਤੇ ਕਾਰਵਾਈ ਦੌਰਾਨ 27 ਸ਼ੱਕੀ ਗਿਰੋਹ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਤਕਰੀਬਨ 68 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਇਹ ਪ੍ਰਗਟਾਵਾ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਸ਼ੱਕੀ ਗਿਰੋਹ ਮੈਂਬਰ ਕਥਿਤ ਤੌਰ ‘ਤੇ ਸਮੁੱਚੇ ਕੈਲੀਫੋਰਨੀਆ ਵਿਚ ਨਸ਼ੀਲੇ ਪਦਾਰਥ ਤੇ ਹਥਿਆਰ ਸਪਲਾਈ ਕਰਨ ਦਾ ਨੈੱਟਵਰਕ ਚਲਾ ਰਹੇ ਸਨ। ਕੈਲੀਫੋਰਨੀਆ ਅਟਾਰਨੀ ਜਨਰਲ ਰਾਬ ਬੋਨਟਾ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਬਹੁਤ ਸਾਰੀਆਂ ਏਜੰਸੀਆਂ ਦੀ ਕੋਸ਼ਿਸ਼ ਦੇ ਸਿੱਟੇ ਵਜੋਂ ਇਹ ਸਫਲਤਾ ਮਿਲੀ ਹੈ। ਨਸ਼ੀਲੇ ਪਦਾਰਥਾਂ ਤੋਂ ਇਲਾਵਾ 30 ਹਥਿਆਰ ਵੀ ਬਰਾਮਦ ਹੋਏ ਹਨ। ਬਰਾਮਦ ਨਸ਼ੀਲੇ ਪਦਾਰਥਾਂ ਵਿਚ 72000 ਤੋਂ ਵਧ ਫੈਂਟਾਨਾਇਲ ਗੋਲੀਆਂ, 750 ਗ੍ਰਾਮ ਤੋਂ ਵਧ ਫੈਂਟਾਨਾਇਲ ਪਾਊਡਰ, 21 ਕਿਲੋਗ੍ਰਾਮ ਤੋਂ ਵਧ ਹੈਰੋਇਨ ਤੇ ਤਕਰੀਬਨ 65 ਕਿਲੋਗ੍ਰਾਮ ਮੈਥਫੈਟਾਮਾਈਨ ਨਸ਼ੀਲਾ ਪਦਾਰਥ ਸ਼ਾਮਲ ਹੈ। ਅਟਾਰਨੀ ਜਨਰਲ ਨੇ ਕਿਹਾ ਹੈ ਕਿ ”ਆਪਰੇਸ਼ਨ ਸੇਫ ਹਾਰਬਰ” ਨੇ ਸੰਗਠਤ ਅਪਾਰਧੀ ਗਿਰੋਹਾਂ ਨੂੰ ਸਖਤ ਸੁਨੇਹਾ ਦਿੱਤਾ ਹੈ ਕਿ ਉਹ ਲਾਅ ਇਨਫੋਰਸਮੈਂਟ ਦੀ ਵਧੀਆ ਕੰਮ ਕਰਨ ਦੀ ਸ਼ਕਤੀ ਅੱਗੇ ਟਿਕ ਨਹੀਂ ਸਕਣਗੇ। ਹਾਲਾਂਕਿ ਅਟਾਰਨੀ ਜਨਰਲ ਨੇ ਪ੍ਰਸ਼ਾਸਨਿਕ ਕਾਰਨਾਂ ਕਾਰਨ ਗ੍ਰਿਫਤਾਰ ਸ਼ੱਕੀ ਮੈਂਬਰਾਂ ਦੇ ਗ੍ਰਿਰੋਹ ਦਾ ਨਾਂ ਨਹੀਂ ਦੱਸਿਆ ਹੈ ਪਰੰਤੂ ਉਨ੍ਹਾਂ ਕਿਹਾ ਕਿ ਅਸੀਂ ਖਤਰਨਾਕ ਨਸ਼ੀਲੇ ਪਦਾਰਥ ਤੇ ਹਥਿਆਰਾਂ ਤੋਂ ਲੋਕਾਂ ਨੂੰ ਸੁਰੱਖਿਅਤ ਕਰਨ ਵਿਚ ਸਫਲ ਹੋਏ ਹਾਂ।

Leave a comment