#AMERICA

ਕੈਲੀਫੋਰਨੀਆ ’ਚ ਰੈਲੀ ਦੌਰਾਨ ਯਹੂਦੀ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ’ਚ ਸ਼ੱਕੀ ਵਿਅਕਤੀ ਗ੍ਰਿਫਤਾਰ

-ਗੈਰ ਇਰਾਦਾ ਹੱਤਿਆ ਦੇ ਦੋਸ਼ ਆਇਦ
ਸੈਕਰਾਮੈਂਟੋ, 19 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਲੀਫੋਰਨੀਆ ’ਚ ਇਸ ਮਹੀਨੇ ਦੇ ਸ਼ੁਰੂ ਵਿਚ ਇਸਰਾਈਲ ਤੇ ਫਲਸਤੀਨ ਪੱਖੀ ਹੋਈਆਂ ਦੋ ਰੈਲੀਆਂ ਦੌਰਾਨ ਹੋਏ ਝਗੜੇ ਵਿਚ ਇਕ ਯਹੂਦੀ ਵਿਅਕਤੀ ਪੌਲ ਕੇਸਲਰ ਦੀ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਵੱਲੋਂ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਡਿਸਟ੍ਰਿਕਟ ਅਟਾਰਨੀ ਦੇ ਦਫਤਰ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਥਾਊਜੈਂਡ ਓਕਸ, ਵੈਂਟੂਰਾ ਕਾਊਂਟੀ ’ਚ ਕੇਸਲਰ ਦੀ ਹੋਈ ਮੌਤ ਦੇ ਮਾਮਲੇ ਵਿਚ ਸ਼ੱਕੀ ਲੋਆਈ ਅਲਨਾਜੀ (50) ਨੂੰ ਗ੍ਰਿਫਤਾਰ ਕਰਕੇ ਉਸ ਵਿਰੁੱਧ ਗੈਰ ਇਰਾਦਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਸ਼ੈਰਿਫ ਦਫਤਰ ਅਨੁਸਾਰ ਅਲਨਾਜੀ ਦੀ ਜਮਾਨਤ ਲਈ 10 ਲੱਖ ਡਾਲਰ ਰਕਮ ਤੈਅ ਕੀਤੀ ਗਈ ਹੈ। 69 ਸਾਲਾ ਕੇਸਲਰ ਦੀ ਸਿਰ ਵਿਚ ਸੱਟ ਵੱਜਣ ਕਾਰਨ ਮੌਤ ਹੋ ਗਈ ਸੀ।