#AMERICA

ਕੈਲੀਫੋਰਨੀਆ ‘ਚ ਪੰਜਾਬੀ ਨੌਜਵਾਨ ਦੀ ਝੀਲ ‘ਚ ਡੁੱਬਣ ਕਾਰਨ ਮੌਤ

-ਦੋ ਭੈਣਾਂ ਦਾ ਇਕਲੌਤਾ ਭਰਾ ਸੀ
ਕੈਲੀਫੋਰਨੀਆ, 19 ਜੁਲਾਈ (ਪੰਜਾਬ ਮੇਲ)- ਕੈਲੀਫੋਰਨੀਆ ‘ਚ ਸਥਿਤ ਮਿਲਟਨ ਝੀਲ ‘ਚ ਪੰਜਾਬੀ ਨੌਜਵਾਨ ਹਸ਼ਨਪ੍ਰੀਤ ਸਿੰਘ (22) ਦੀ ਡੁੱਬਣ ਕਾਰਨ ਮੌਤ ਹੋ ਗਈ ਹੈ। ਬਨੂੜ ਨੇੜਲੇ ਪਿੰਡ ਮੁਠਿਆੜਾਂ ਦੇ ਹਸ਼ਨਪ੍ਰੀਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਡੇਢ ਸਾਲ ਪਹਿਲਾਂ ਦਸੰਬਰ 2021 ਵਿਚ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ।
ਇਸ ਬਾਰੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸ਼ਨਪ੍ਰੀਤ ਸਿੰਘ ਬੀਤੇ ਦਿਨੀਂ ਆਪਣੇ ਦੋਸਤਾਂ ਨਾਲ ਮਿਲਟਨ ਝੀਲ ‘ਤੇ ਘੁੰਮਣ ਗਿਆ ਸੀ, ਜਿੱਥੇ ਉਸ ਦਾ ਪੈਰ ਤਿਲਕ ਗਿਆ ਤੇ ਉਹ ਝੀਲ ਵਿਚ ਡਿੱਗ ਗਿਆ। ਇਸ ਦੌਰਾਨ ਗੋਤਾਖੋਰਾਂ ਨੇ ਉਸ ਨੂੰ ਤੁਰੰਤ ਬਾਹਰ ਕੱਢ ਕੇ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਹਸ਼ਨਪ੍ਰੀਤ ਸਿੰਘ ਦੀ ਮੌਤ ਹੋ ਗਈ।
ਦੱਸ ਦਈਏ ਕਿ ਡੇਢ ਕੁ ਮਹੀਨਾ ਪਹਿਲਾਂ ਹੀ ਹਸ਼ਨਪ੍ਰੀਤ ਦੇ ਪਿਤਾ ਕਸ਼ਮੀਰ ਸਿੰਘ ਦੀ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਮੌਤ ਹੋ ਗਈ ਸੀ, ਜਿਸ ਪਿੱਛੋਂ ਹਸ਼ਨਪ੍ਰੀਤ ਹੀ ਆਪਣੀ ਮਾਂ ਦਾ ਸਹਾਰਾ ਸੀ। ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਹਸ਼ਨਪ੍ਰੀਤ ਦੀ ਲਾਸ਼ ਪੰਜਾਬ ਲਿਆਉਣ ਵਿਚ ਪੀੜਤ ਪਰਿਵਾਰ ਦੀ ਮਦਦ ਕੀਤੀ ਜਾਵੇ।

Leave a comment