#AMERICA

ਕੈਲੀਫੋਰਨੀਆ ‘ਚ ਜ਼ਮੀਨ ‘ਤੇ ਡਿੱਗਣ ਉਪਰੰਤ ਇਕ ਛੋਟੇ ਜਹਾਜ਼ ਨੂੰ ਲੱਗੀ ਅੱਗ

-ਜਹਾਜ਼ ਵਿਚ ਸਵਾਰ ਸਾਰੇ 6 ਵਿਅਕਤੀਆਂ ਦੀ ਮੌਤ
ਸੈਕਰਾਮੈਂਟੋ, 12 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਰਾਜ ‘ਚ ਇਕ ਛੋਟੇ ਨਿੱਜੀ ਜੈੱਟ ਜਹਾਜ਼ ਦੇ ਤਬਾਹ ਹੋਣ ਤੇ ਉਸ ਵਿਚ ਸਵਾਰ 6 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ। ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ (ਐੱਫ.ਏ.ਏ.) ਅਨੁਸਾਰ ਇਹ ਘਟਨਾ ਮੂਰੀਏਟਾ, ਕੈਲੀਫੋਰਨੀਆ ‘ਚ ਫਰੈਂਚ ਵੈਲੀ ਏਅਰਪੋਰਟ ਨੇੜੇ ਵਾਪਰੀ। ਐੱਫ.ਏ.ਏ. ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਨੇ ਹੈਰੀ ਰੀਡ ਇੰਟਰਨੈਸ਼ਨਲ ਏਅਰਪੋਰਟ ਲਾਸ ਵੇਗਾਸ ਤੋਂ ਉਡਾਣ ਭਰੀ ਸੀ ਤੇ ਜਹਾਜ਼ ਸਾਨ ਡਿਆਗੋ ਦੇ ਉੱਤਰ ‘ਚ ਤਕਰੀਬਨ 65 ਮੀਲ ਦੂਰ ਜ਼ਮੀਨ ਉਪਰ ਡਿੱਗ ਗਿਆ। ਕੈਲੀਫੋਰਨੀਆ ਫਾਇਰ ਵਿਭਾਗ ਅਨੁਸਾਰ ਜਹਾਜ਼ ਖੇਤ ‘ਚ ਡਿੱਗਾ ਤੇ ਡਿੱਗਣ ਉਪਰੰਤ ਉਸ ਨੂੰ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਤਕਰੀਬਨ ਇਕ ਏਕੜ ਵਿਚ ਖੜ੍ਹੀ ਸਬਜ਼ੀ ਦੀ ਫਸਲ ਵੀ ਸੜ ਕੇ ਸਵਾਹ ਹੋ ਗਈ। ਹਾਦਸੇ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ। ਐੱਫ.ਏ.ਏ. ਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਘਟਨਾ ਦੀ ਜਾਂਚ ਕਰਨਗੇ ਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰਨਗੇ। ਰਿਵਰਸਾਈਰਡ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਜਹਾਜ਼ ‘ਚ ਸਵਾਰ ਸਾਰੇ 6 ਜਣਿਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਐਬੀਗਲੀ ਟੇਲੇਜ਼ ਵਰਗਾਸ (33), ਰੀਸੇ ਲੈਂਡਰਜ (25), ਮੈਨੂਏਲ ਵਰਗਾਸ-ਰੀਗਲਾਡੋ (32), ਲਿੰਡਸੇ ਗਲੀਚ (31), ਆਲਮਾ ਰਜ਼ਿਕ (51) ਤੇ ਇਬਰਾਹਿਮ ਰਜ਼ਿਕ (46) ਵਜੋਂ ਹੋਈ ਹੈ।

Leave a comment