#AMERICA

ਕੈਲੀਫੋਰਨੀਆ ‘ਚ ਖੱਡ ਵਿਚ ਕਾਰ ਸੁੱਟ ਕੇ ਪਰਿਵਾਰ ਨੂੰ ਮਾਰਨ ਦੇ ਯਤਨ ‘ਚ ਗ੍ਰਿਫਤਾਰ ਪਟੇਲ ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ

* ਅਦਾਲਤ ਵਿਚ ਪਟੀਸ਼ਨ ਦਾਇਰ
ਸੈਕਰਾਮੈਂਟੋ, 16 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਭਾਰਤੀ ਮੂਲ ਦੇ ਅਮਰੀਕੀ ਪਾਸਾਡੇਨਾ ਵਾਸੀ 41 ਸਾਲਾ ਧਰਮੇਸ਼ ਏ ਪਟੇਲ ਜਿਸ ਵਿਰੁੱਧ ਪੁਲਿਸ ਵੱਲੋਂ ਜਾਣਬੁੱਝ ਕੇ ਕਾਰ ਖੱਡ ਵਿਚ ਸੁੱਟ ਕੇ ਆਪਣੇ ਪਰਿਵਾਰ ਨੂੰ ਮਾਰਨ ਦੇ ਦੋਸ਼ ਆਇਦ ਕੀਤੇ ਹਨ, ਨੇ ਇਕ ਅਦਾਲਤ ਵਿਚ ਅਰਜੀ ਦਾਇਰ ਕਰਕੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਕਾਰ ਵਿਚ ਉਸ ਦੀ ਪਤਨੀ, 7 ਸਾਲ ਦੀ ਬੇਟੀ ਤੇ 4 ਸਾਲਾ ਦਾ ਬੇਟਾ ਸਵਾਰ ਸੀ। ਬੇਟੀ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਈ ਸੀ, ਜਦ ਕਿ ਬੇਟੇ ਦੇ ਮਾਮੂਲੀ ਝਰੀਟਾਂ ਆਈਆਂ ਸਨ। ਹਾਲਾਂਕਿ ਪਰਿਵਾਰ ਇਸ ਘਟਨਾ ਵਿਚ ਬਚ ਗਿਆ ਸੀ ਪਰੰਤੂ ਪੁਲਿਸ ਨੇ ਪਟੇਲ ਵਿਰੁੱਧ ਹੱਤਿਆ ਦੇ ਦੋਸ਼ ਆਇਦ ਕੀਤੇ ਹਨ। ਸੈਨ ਮੈਟੀਓ ਡਿਸਟ੍ਰਿਕਟ ਅਟਾਰਨੀ ਸਟੀਵ ਵਾਗਸਟਾਫ ਅਨੁਸਾਰ ਪਟੇਲ ਦੀ ਪਤਨੀ ਦੇ ਬਿਆਨ, ਚਸ਼ਮਦੀਦ ਗਵਾਹਾਂ ਤੋਂ ਕੀਤੀ ਗਈ ਪੁੱਛਗਿੱਛ ਤੇ ਸੜਕ ਦੀ ਵੀਡੀਓ ਪਟੇਲ ਨੂੰ ਦੋਸ਼ੀ ਸਾਬਤ ਕਰਨ ਲਈ ਕਾਫੀ ਸਬੂਤ ਹਨ। ਮਾਮਲੇ ਦੀ ਮੁੱਢਲੀ ਸੁਣਵਾਈ 20 ਮਾਰਚ ਨੂੰ ਹੋਵੇਗੀ। ਪਟੇਲ ਨੇ ਕੈਲੀਫੋਰਨੀਆ ਦੇ ਜਾਣੇ-ਪਛਾਣੇ ਵਕੀਲ ਜੋਸ਼ੂਆ ਬੈਂਟਲੇ ਦੀਆਂ ਸੇਵਾਵਾਂ ਲਈਆਂ ਹਨ। ਲਾਸ ਏਂਜਲਸ ਦੇ ਪ੍ਰੋਵਿੰਸ ਹੋਲੀ ਕਰਾਸ ਮੈਡੀਕਲ ਸੈਂਟਰ ਵਿਚ ਰੇਡੀਆਲੋਜਿਸਟ ਵਜੋਂ ਤਾਇਨਾਤ ਪਟੇਲ ਜੇਕਰ ਦੋਸ਼ੀ ਸਾਬਤ ਹੋ ਜਾਂਦਾ ਹੈ, ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।

Leave a comment