#AMERICA

ਕੈਲੀਫੋਰਨੀਆ ਅਸੈਂਬਲੀ ਵੱਲੋਂ 8 ਨਵੰਬਰ ਨੂੰ ਦੀਵਾਲੀ ਦਿਵਸ ਮਨਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ

ਸੈਕਰਾਮੈਂਟੋ, 22 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਕੈਲੀਫ਼ੋਰਨੀਆ ਸਟੇਟ ਅਸੈਂਬਲੀ ਵੱਲੋਂ ਇੱਕ ਇਤਿਹਾਸਕ ਕਦਮ ਚੁੱਕਦਿਆਂ ਇਸ ਸਾਲ 8 ਨਵੰਬਰ 2026, ਐਤਵਾਰ ਨੂੰ ‘ਦੀਵਾਲੀ ਦਿਵਸ’ ਵਜੋਂ ਮਨਾਉਣ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਇਹ ਮਤਾ ਅਸੈਂਬਲੀ ਮੈਂਬਰਾਂ ਦਰਸ਼ਨਾ ਪਟੇਲ ਅਤੇ ਐਸ਼ ਕਾਲਰਾ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ਰਾਹੀਂ ਸਟੇਟ ਦੇ ਸਮੂਹ ਨਾਗਰਿਕਾਂ ਨੂੰ ਇਸ ਖੁਸ਼ੀ ਦੇ ਤਿਉਹਾਰ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਇਹ ਇਤਿਹਾਸਕ ਮਤਾ ਅਮਰੀਕਾ ਵਿਚ ਰਹਿੰਦੇ ਭਾਰਤੀਆਂ, ਦੱਖਣੀ ਏਸ਼ੀਆਈ ਭਾਈਚਾਰੇ ਅਤੇ ਦੁਨੀਆਂ ਭਰ ਵਿਚ ਫੈਲੇ ਭਾਰਤੀ ਪ੍ਰਵਾਸੀਆਂ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕਰਦਾ ਹੈ। ਮਤੇ ਵਿਚ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਗਿਆ ਹੈ ਕਿ ਦੀਵਾਲੀ ਭਾਰਤੀ ਅਮਰੀਕੀਆਂ ਅਤੇ ਦੱਖਣੀ ਏਸ਼ੀਆਈ ਅਮਰੀਕੀਆਂ ਲਈ ਇੱਕ ਬੇਹੱਦ ਮਹੱਤਵਪੂਰਨ ਤਿਉਹਾਰ ਹੈ, ਜਿਸ ਨੂੰ ਹਰ ਸਾਲ ਹਿੰਦੂ, ਸਿੱਖ, ਬੌਧ ਅਤੇ ਜੈਨ ਭਾਈਚਾਰੇ ਦੇ ਲੋਕਾਂ ਵੱਲੋਂ ਮਿਲ ਕੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਦੀਵਿਆਂ ਦੀ ਕਤਾਰ ਭਾਵ ‘ਦੀਪਾਵਲੀ’ ਦੁਨੀਆਂ ਦੇ ਸਭ ਤੋਂ ਪੁਰਾਣੇ ਤਿਉਹਾਰਾਂ ਵਿਚੋਂ ਇੱਕ ਹੈ, ਜੋ ਪਰਿਵਾਰਾਂ, ਦੋਸਤਾਂ ਅਤੇ ਵੱਖ-ਵੱਖ ਭਾਈਚਾਰਿਆਂ ਨੂੰ ਆਪਸੀ ਉਦਾਰਤਾ, ਏਕਤਾ, ਖੁਸ਼ੀ ਅਤੇ ਸ਼ੁਕਰਗੁਜ਼ਾਰੀ ਦੇ ਸੂਤਰ ਵਿਚ ਪਰੋਂਦਾ ਹੈ। ‘ਰੋਸ਼ਨੀ ਦੇ ਤਿਉਹਾਰ’ ਵਜੋਂ ਜਾਣੀ ਜਾਂਦੀ ਦਿਵਾਲੀ ਦੇ ਸ਼ੁਭ ਮੌਕੇ ‘ਤੇ ਲੋਕ ਆਪਣੇ ਘਰਾਂ ਨੂੰ ਮੋਮਬੱਤੀਆਂ, ਦੀਵਿਆਂ ਅਤੇ ਮਿੱਟੀ ਦੇ ਦੀਵਿਆਂ ਨਾਲ ਰੋਸ਼ਨ ਕਰਦੇ ਹਨ ਅਤੇ ਚੰਗੀ ਸਿਹਤ, ਗਿਆਨ, ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹਨ। ਮਤੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਦੀਵਾਲੀ ਬਦੀ ‘ਤੇ ਨੇਕੀ ਦੀ ਜਿੱਤ ਅਤੇ ਨਕਾਰਾਤਮਕਤਾ ਤੋਂ ਮੁਕਤੀ ਦਾ ਪ੍ਰਤੀਕ ਹੈ, ਜੋ ਸਾਨੂੰ ਹਰ ਤਰ੍ਹਾਂ ਦੀਆਂ ਚੁਣੌਤੀਆਂ ਦੇ ਬਾਵਜੂਦ ਨਿਮਰਤਾ ਅਤੇ ਦਿਆਲਤਾ ਬਣਾਈ ਰੱਖਣ ਦੀ ਪ੍ਰੇਰਨਾ ਦਿੰਦੀ ਹੈ।