22.5 C
Sacramento
Saturday, September 23, 2023
spot_img

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਬਡਰੁੱਖਾਂ ਵਿਖੇ ਰਾਜ ਪੱਧਰੀ ਬਰਸੀ ਸਮਾਗਮ ਦੌਰਾਨ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ

ਮਹਾਰਾਜਾ ਰਣਜੀਤ ਸਿੰਘ ਵੱਲੋਂ ਪਾਏ ਪੂਰਨਿਆਂ ਤੇ ਦਿਨ-ਰਾਤ ਇੱਕ ਕਰਕੇ ਚੱਲ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ: ਅਮਨ ਅਰੋੜਾ
ਕੈਬਨਿਟ ਮੰਤਰੀ ਵੱਲੋਂ ਪਿੰਡ ਬਡਰੁੱਖਾਂ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਦੀ ਤਰਫੋਂ ਇੱਕ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ
ਚੰਡੀਗੜ੍ਹ/ਬਡਰੁੱਖਾਂ, 29 ਜੂਨ (ਪੰਜਾਬ ਮੇਲ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 184ਵੀਂ ਬਰਸੀ ਦੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ਰਧਾ ਦੇ ਫ਼ੁੱਲ ਤੇ ਸਤਿਕਾਰ ਭੇਂਟ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦੇ ਨਾਨਕਾ ਪਿੰਡ ਬਡਰੁੱਖਾਂ ਵਿਖੇ ਰਾਜ ਪੱਧਰੀ ਬਰਸੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਬਡਰੁੱਖਾਂ ਵਿਖੇ ਸਥਾਪਤ ਕਰਵਾਏ ਗਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਉੱਪਰ ਫੁੱਲ ਮਾਲਾਵਾਂ ਪਾ ਕੇ ਸ਼ਰਧਾ ਦੇ ਫ਼ੁੱਲ ਭੇਂਟ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀਆਂ ਪੈੜਾਂ ਬਹੁਤ ਡੂੰਘੀਆਂ, ਮਜ਼ਬੂਤ ਤੇ ਪਵਿੱਤਰ ਹਨ ਜਿਸਦਾ ਅੰਦਾਜ਼ਾ ਉਨ੍ਹਾਂ ਦੇ ਰਾਜ ਕਰਨ ਦੇ ਢੰਗ ਤੋਂ ਲਾਇਆ ਜਾ ਸਕਦਾ ਹੈ ਤੇ ਮਾਨ ਸਰਕਾਰ ਉਨ੍ਹਾਂ ਦਾ ਹਰ ਮੌਕੇ ਉੱਪਰ ਸਨਮਾਨ ਕਰਦੀ ਹੈ।
ਅਨਾਜ ਮੰਡੀ ਬਡਰੁੱਖਾਂ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਦੌਰਾਨ ਲੋਕਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਲੇਰਾਨਾ ਢੰਗ ਨਾਲ ਸਿੱਖ ਰਾਜ ਸਥਾਪਤ ਕੀਤਾ ਸੀ ਜਿਸ ਤੋਂ ਬਾਅਦ ਉਹ ਸਿਰਫ਼ ਸਿੱਖਾਂ ਦੇ ਹੀ ਮਹਾਰਾਜਾ ਨਹੀਂ ਬਣੇ ਸਗੋਂ ਉਨ੍ਹਾਂ ਦੀ ਧਰਮ ਨਿਰਪੱਖਤਾ ਵਾਲੀ ਸੋਚ ਕਾਰਨ ਹਰ ਫ਼ਿਰਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਮਹਾਰਾਜਾ ਬਣਾਇਆ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਸਭ ਨੂੰ ਇੱਕ ਬਰਾਬਰ ਦੇਖਣ ਅਤੇ ਰੱਖਣ ਅਤੇ ਸਭ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਹੱਕ ਤੇ ਇਨਸਾਫ਼ ਦੇਣ ਅਤੇ ਸਰਵਪੱਖੀ ਵਿਕਾਸ ਕਰਨ ਦੇ ਪਾਏ ਪੂਰਨਿਆਂ ਉੱਪਰ ਦਿਨ-ਰਾਤ ਇੱਕ ਕਰਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਅਤੇ ਇਸਦੇ ਅਫ਼ਸਰ ਪਿੰਡਾਂ ਵਿੱਚ ਖੁਦ ਪਹੁੰਚ ਕਰਕੇ ਲੋਕਾਂ ਦੇ ਕੰਮ ਕਰ ਰਹੇ ਹਨ ਤਾਂ ਜੋ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਚਲਦੀ ਰਹੀ ਲੋਕਾਂ ਦੀ ਖੱਜਲ-ਖੁਆਰੀ ਦੀ ਪ੍ਰਥਾ ਨੂੰ ਮੁਕੰਮਲ ਤੌਰ ਤੇ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਮਾਨ ਸਰਕਾਰ ਸਮਾਜ ਦੀਆਂ ਅਲਾਮਤਾਂ ਨੂੰ ਖਤਮ ਕਰਕੇ ਪੰਜਾਬ ਨੂੰ ਮੁੜ ਮਹਾਰਾਜਾ ਰਣਜੀਤ ਸਿੰਘ ਦਾ ਰੰਗਲਾ ਪੰਜਾਬ ਬਣਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮਾਨ ਸਰਕਾਰ ਵੱਲੋਂ ਪਿਛਲੇ ਕਰੀਬ ਪੰਦਰਾਂ ਮਹੀਨਿਆਂ ਦੌਰਾਨ ਰਿਸ਼ਵਤਖੋਰੀ ਨੂੰ ਨੱਥ ਪਾ ਕੇ 300 ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਾਨ ਸਰਕਾਰ ਲਗਾਤਾਰ ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਵੀ ਕ੍ਰਾਂਤੀਕਾਰੀ ਸੁਧਾਰ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰਜ਼ ਉੱਪਰ ਸੁਨਾਮ ਹਲਕੇ ਵਿੱਚ ਵੀ ਸਰਵਪੱਖੀ ਵਿਕਾਸ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੁਨਾਮ ਹਲਕੇ ਵਿੱਚ 68 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਦੇ ਪ੍ਰੋਜੈਕਟ ਚੱਲ ਰਹੇ ਹਨ ਅਤੇ ਮਾਨ ਸਰਕਾਰ ਦੀ ਇਸ ਸ਼ਾਨਦਾਰ ਪਹਿਲਕਦਮੀ ਸਦਕਾ ਕਿਸਾਨਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ ਕਿਉਂ ਜੋ ਨਹਿਰਾਂ ਦਾ ਪਾਣੀ ਪਿਛਲੇ ਕਰੀਬ ਤਿੰਨ ਚਾਰ ਦਹਾਕਿਆਂ ਤੋਂ ਬਾਅਦ ਖੇਤਾਂ ਵਿੱਚ ਪੁੱਜਿਆ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਪਿੰਡ ਬਡਰੁੱਖਾਂ ਵਿੱਚ ਕਰੋੜਾਂ ਦੀ ਲਾਗਤ ਵਾਲੇ ਵਿਕਾਸ ਕਾਰਜ ਪਹਿਲਾਂ ਹੀ ਪ੍ਰਗਤੀ ਅਧੀਨ ਹਨ ਜਿਨ੍ਹਾਂ ਵਿੱਚ 10 ਲੱਖ ਰੁਪਏ ਦੀ ਲਾਗਤ ਨਾਲ ਯਾਦਗਾਰੀ ਗੇਟ, 30 ਲੱਖ ਰੁਪਏ ਦੀ ਲਾਗਤ ਨਾਲ ਲਾਇਬ੍ਰੇਰੀ, 29 ਲੱਖ ਰੁਪਏ ਦੀ ਲਾਗਤ ਨਾਲ ਹੈਲਥ ਵੈੱਲਨੈਸ ਸੈਂਟਰ, ਨਹਿਰੀ ਪਾਣੀ ਦੇ ਖਾਲਾਂ ਲਈ 2 ਕਰੋੜ 67 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾ ਰਹੇ ਕੰਮਾਂ ਸਮੇਤ ਲਗਭਗ 4 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ 1 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਬਡਰੁੱਖਾਂ ਦੇ ਥਾਪਰ ਮਾਡਲ ਦੇ ਆਧਾਰ ਤੇ ਟੋਭਿਆਂ ਦੇ ਨਵੀਨੀਕਰਨ ਦਾ ਕੰਮ ਵੀ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਤਰਫੋਂ ਪਿੰਡ ਦੇ ਹੋਰ ਬਕਾਇਆ ਵਿਕਾਸ ਕੰਮਾਂ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ, ਐਸ.ਐਸ.ਪੀ. ਸੁਰੇਂਦਰ ਲਾਂਬਾ, ਐਸ.ਡੀ.ਐਮ. ਨਵਰੀਤ ਕੌਰ ਸੇਖੋਂ, ਚੇਅਰਮੈਨ ਨਗਰ ਸੁਧਾਰ ਟਰੱਸਟ ਪ੍ਰੀਤਮ ਸਿੰਘ ਪੀਤੂ, ਚੇਅਰਮੈਨ ਮਾਰਕਿਟ ਕਮੇਟੀ ਸੁਨਾਮ ਮੁਕੇਸ਼ ਜੁਨੇਜਾ, ਚੇਅਰਪਰਸਨ ਬਲਾਕ ਸੰਮਤੀ ਜਸਪਾਲ ਕੌਰ, ਪ੍ਰਧਾਨ ਨਗਰ ਕੌਂਸਲ ਲੌਂਗੋਵਾਲ ਪਰਮਿੰਦਰ ਕੌਰ ਬਰਾੜ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।

Related Articles

Stay Connected

0FansLike
3,869FollowersFollow
21,200SubscribersSubscribe
- Advertisement -spot_img

Latest Articles