#AMERICA

ਕੈਪੀਟਲ ਹਿੱਲ ‘ਚ ਹੋਏ ਦੰਗਿਆਂ ਦੇ ਮਾਮਲੇ ਵਿਚ ਟਰੰਪ ਦੀਆਂ ਵਧ ਸਕਦੀਆਂ ਨੇ ਮੁਸ਼ਕਿਲਾਂ

-ਟਰੰਪ ਸਮਰਥਕਾਂ ਦੇ ਹਮਲੇ ‘ਚ ਜ਼ਖਮੀ ਹੋਏ ਲੋਕ ਸਾਬਕਾ ਰਾਸ਼ਟਰਪਤੀ ਖਿਲਾਫ ਦਰਜ ਕਰ ਸਕਦੇ ਨੇ ਮੁਕੱਦਮਾ
ਵਾਸ਼ਿੰਗਟਨ, 6 ਮਾਰਚ (ਪੰਜਾਬ ਮੇਲ)- ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ 6 ਜਨਵਰੀ 2021 ਨੂੰ ਅਮਰੀਕੀ ਸੰਸਦ (ਕੈਪੀਟਲ ਹਿੱਲ) ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਮੁਸ਼ਕਿਲਾਂ ਵਧ ਸਕਦੀਆਂ ਹਨ। ਅਮਰੀਕੀ ਨਿਆਂ ਵਿਭਾਗ ਨੇ ਵੀਰਵਾਰ ਨੂੰ ਇਕ ਅਦਾਲਤ ਨੂੰ ਦੱਸਿਆ ਕਿ ਅਮਰੀਕੀ ਸੰਸਦ ‘ਤੇ ਡੋਨਾਲਡ ਟਰੰਪ ਦੇ ਸਮਰਥਕਾਂ ਦੇ ਹਮਲੇ ‘ਚ ਜ਼ਖਮੀ ਹੋਏ ਪੁਲਿਸ ਕਰਮਚਾਰੀ ਅਤੇ ਹੋਰ ਲੋਕ ਸਾਬਕਾ ਰਾਸ਼ਟਰਪਤੀ ਖਿਲਾਫ ਮੁਕੱਦਮਾ ਦਰਜ ਕਰ ਸਕਦੇ ਹਨ। ਵਾਸ਼ਿੰਗਟਨ ਵਿਚ ਸੰਘੀ ਅਦਾਲਤ ਵਿਚ ਅਧਿਕਾਰਤ ਕਾਨੂੰਨੀ ਰਾਏ ਪੇਸ਼ ਕਰਦੇ ਹੋਏ, ਵਿਭਾਗ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਦਫਤਰ ਵਿਚ ਆਪਣੇ ਅਧਿਕਾਰਤ ਕੰਮਾਂ ਲਈ ਛੋਟ ਹੁੰਦੀ ਹੈ, ਪਰ ਉਸ ਦੇ ਅਧਿਕਾਰਤ ਫਰਜ਼ਾਂ ਤੋਂ ਬਾਹਰ ਦੇ ਕੰਮਾਂ ਲਈ ਮੁਕੱਦਮਾ ਚਲਾਇਆ ਜਾ ਸਕਦਾ ਹੈ। ਹਾਲਾਂਕਿ ਡੋਨਾਲਡ ਟਰੰਪ ਨੇ ਵੀ ਅਦਾਲਤ ਦੇ ਸਾਹਮਣੇ ਆਪਣੀ ਦਲੀਲ ਦਿੱਤੀ।
ਡੋਨਾਲਡ ਟਰੰਪ ਨੇ ਦਲੀਲ ਦਿੱਤੀ ਕਿ ਉਹ ਰਾਸ਼ਟਰਪਤੀ ਵਜੋਂ ਕੰਮ ਕਰ ਰਿਹਾ ਸੀ, ਜਦੋਂ ਉਸ ਨੇ ਸਮਰਥਕਾਂ ਦੀ ਭੀੜ ਨੂੰ ਕਿਹਾ ਕਿ ਉਹ ਕਦੇ ਵੀ 2020 ਦੀਆਂ ਚੋਣਾਂ ਨੂੰ ਸਵੀਕਾਰ ਨਹੀਂ ਕਰੇਗਾ ਅਤੇ ਰਾਸ਼ਟਰਪਤੀ ਜੋਅ ਬਾਇਡਨ ਦੀ ਚੋਣ ਜਿੱਤ ਨੂੰ ਪ੍ਰਮਾਣਿਤ ਕਰਨ ਲਈ ਲੜੇਗਾ। ਨਿਆਂ ਵਿਭਾਗ ਨੇ ਕਿਹਾ ਕਿ ਅਦਾਲਤ ਨੂੰ ਡੋਨਾਲਡ ਟਰੰਪ ਦੀ ਦਲੀਲ ਨੂੰ ਰੱਦ ਕਰਨਾ ਚਾਹੀਦਾ ਹੈ। ਨਿਆਂ ਵਿਭਾਗ ਨੇ ਕਿਹਾ ਕਿ ਰਾਸ਼ਟਰ ਦੇ ਨੇਤਾ ਹੋਣ ਦੇ ਨਾਤੇ, ਰਾਸ਼ਟਰਪਤੀ ਕੋਲ ਆਪਣੇ ਨਾਗਰਿਕਾਂ ਨਾਲ ਗੱਲ ਕਰਨ ਦੀ ਅਸਾਧਾਰਣ ਸ਼ਕਤੀ ਹੈ। ਹਾਲਾਂਕਿ, ਨਿਆਂ ਵਿਭਾਗ ਨੇ ਕਿਹਾ ਕਿ ਉਹ ਇਸ ਬਾਰੇ ਕੋਈ ਰੁਖ ਨਹੀਂ ਅਪਣਾ ਰਿਹਾ ਹੈ ਕਿ ਕੀ ਡੋਨਾਲਡ ਟਰੰਪ ਦੇ ਭਾਸ਼ਣ ਨੇ ਕੈਪੀਟਲ ਦੰਗਿਆਂ ਨੂੰ ਉਤਸ਼ਾਹਿਤ ਕੀਤਾ ਸੀ।
ਜ਼ਿਕਰਯੋਗ ਹੈ ਕਿ 6 ਜਨਵਰੀ 2021 ਨੂੰ ਅਮਰੀਕੀ ਸੰਸਦ ‘ਤੇ ਹਮਲਾ ਹੋਇਆ ਸੀ। 2020 ਦੀਆਂ ਰਾਸ਼ਟਰਪਤੀ ਚੋਣਾਂ ਦੇ ਪ੍ਰਮਾਣੀਕਰਨ ਦਾ ਵਿਰੋਧ ਕਰਨ ਲਈ ਡੋਨਾਲਡ ਟਰੰਪ ਪੱਖੀ ਭੀੜ ਵ੍ਹਾਈਟ ਹਾਊਸ ਵਿਖੇ ਇਕੱਠੀ ਹੋਈ ਅਤੇ ਸੰਸਦ ਦੀ ਇਮਾਰਤ ਦੀ ਭੰਨਤੋੜ ਕੀਤੀ। ਇਸ ਦੌਰਾਨ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਤੋਂ ਬਾਅਦ ਅਮਰੀਕੀ ਸੰਸਦ ਦੇ ਚਾਰ ਪੁਲਿਸ ਅਧਿਕਾਰੀ ਵੀ ਮਾਰੇ ਗਏ ਸਨ।

Leave a comment