#CANADA

ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਨਾਮਵਰ ਪਾਕਿਸਤਾਨੀ ਅਦੀਬ ਡਾ. ਨਬੀਲਾ ਰਹਿਮਾਨ ਦਾ ਸਨਮਾਨ

ਪੰਜਾਬ ਤੇ ਪੰਜਾਬੀ ਵਿਰੋਧੀ ਲਿਖਾਰੀਆਂ ਨੂੰ ਮੋੜਵਾਂ ਜਵਾਬ ਦੇਣ ਦਾ ਸਮਾਂ ਆ ਗਿਆ – ਡਾ. ਨਬੀਲਾ ਰਹਿਮਾਨ
ਸਰੀ, 20 ਸਤੰਬਰ (ਹਰਦਮ ਮਾਨ/ਪੰਜਾਬ ਮੇਲ)-ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਪਾਕਿਸਤਾਨ ਦੀ ਨਾਮਵਰ ਅਦਬੀ ਸ਼ਖ਼ਸੀਅਤ ਅਤੇ ਯੂਨੀਵਰਸਿਟੀ ਆਫ ਝੰਗ ਦੀ ਵਾਈਸ ਚਾਂਸਲਰ ਡਾ. ਨਬੀਲਾ ਰਹਿਮਾਨ ਦੇ ਸਨਮਾਨ ਹਿਤ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ।
ਡਾ. ਨਬੀਲਾ ਰਹਿਮਾਨ ਦਾ ਸਵਾਗਤ ਕਰਦਿਆਂ ਸੋਸਾਇਟੀ ਦੇ ਮੀਡੀਆ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਕਿ ਡਾ. ਨਬੀਲਾ ਰਹਿਮਾਨ ਪਾਕਿਸਤਾਨ ਦੀ ਪਹਿਲੇ ਪੰਜਾਬੀ ਵਿਦਵਾਨ ਹਨ ਜੋ ਕਿਸੇ ਯੂਨੀਵਰਸਿਟੀ ਦੇ ਉਚੇਰੇ ਅਹੁਦੇ ਉੱਪਰ ਬਿਰਾਜਮਾਨ ਹੋਏ ਹਨ। ਵਾਈਸ ਚਾਂਸਲਰ ਬਣਨ ਤੋਂ ਪਹਿਲਾਂ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਇੰਸਟੀਚਿਊਟ ਆਫ ਪੰਜਾਬੀ ਐਂਡ ਕਲਚਰ ਦੇ ਡਾਇਰੈਕਟਰ ਰਹਿ ਚੁੱਕੇ ਹਨ।ਇਨ੍ਹਾਂ ਦਾ ਪਬਲੀਕੇਸ਼ਨ ਵਿਚ ਵੱਡਾ ਯੋਗਦਾਨ ਹੈ। ਦੇਸ਼ ਵਿਦੇਸ਼ ਵਿਚ ਅਨੇਕਾਂ ਸੈਮੀਨਾਰਾਂ, ਕਾਨਫਰੰਸਾਂ ਵਿਚ ਹਿੱਸਾ ਲੈ ਚੁੱਕੇ ਹਨ ਅਤੇ ਵੱਡੀ ਗਿਣਤੀ ਵਿਚ ਮਾਣ ਸਨਮਾਨ ਇਨ੍ਹਾਂ ਦੀ ਝੋਲੀ ਪਏ ਹਨ। ਇਹ ਪੰਜਾਬੀ, ਹਿੰਦੀ, ਸਿੰਧੀ, ਪਰਸੀਅਨ, ਅੰਗਰੇਜ਼ੀ ਭਾਸ਼ਾ ਵਿਚ ਮੁਹਾਰਤ ਰੱਖਦੇ ਹਨ। ਇਨ੍ਹਾਂ ਦੀ ਨਿਗਰਾਨੀ ਹੇਠ ਬਹੁਤ ਸਾਰੇ ਵਿਦਿਆਰਥੀਆਂ ਨੂੰ ਐਮ.ਫਿਲ, ਪੀਐਚਡੀ ਕਰਨ ਦਾ ਫ਼ਖ਼ਰ ਹਾਸਲ ਹੋਇਆ ਹੈ।
ਨਾਮਵਰ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਡਾ. ਨਬੀਲਾ ਰਹਿਮਾਨ ਨਾਲ ਆਪਣੇ ਕਈ ਸਾਲਾਂ ਦੇ ਰਿਸ਼ਤੇ ਦੀ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਗੁਰੂ ਨਾਨਕ ਚੇਅਰ ਸਥਾਪਿਤ ਕਰਨ ਵਿਚ ਇਨ੍ਹਾਂ ਦਾ ਵੱਡਾ ਯੋਗਦਾਨ ਹੈ। ਇਨ੍ਹਾਂ ਵੱਲੋਂ 2019 ਅਤੇ 2020 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਵਿਚ ਗੁਰੂ ਨਾਨਕ ਦੇਵ ਜੀ ਉੱਪਰ ਦੋ ਵੱਡੇ ਸੈਮੀਨਾਰ ਕਰਵਾਏ ਗਏ ਹਨ। ਇਨ੍ਹਾਂ ਨੇ ਗੁਰਮੁਖੀ ਲਿਪੀ ਦੀਆਂ ਕਈ ਪੁਸਤਕਾਂ ਸ਼ਾਹਮੁਖੀ ਵਿਚ ਲਿਪੀਅੰਤਰ ਕਰਨ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ, ਜਿਨ੍ਹਾਂ ਵਿਚ ਜੱਸਾ ਸਿੰਘ ਰਾਮਗੜ੍ਹੀਆ ਕਿਤਾਬ ਦਾ ਸ਼ਾਹਮੁਖੀ ਵਿਚ ਪ੍ਰਕਾਸ਼ਨ ਵੀ ਸ਼ਾਮਲ ਹੈ। ਇਹ ਲਹਿੰਦੇ ਪੰਜਾਬ ਵਿਚ ਪੰਜਾਬੀ ਅਦਬ ਦੀ ਬਲੁੰਦ ਆਵਾਜ਼ ਹਨ ਅਤੇ ਸਾਡੇ ਰੌਸ਼ਨ ਮੀਨਾਰ ਹਨ। ਡਾ. ਨਬੀਲਾ ਰਹਿਮਾਨ ਪੰਜਾਬੀ, ਹਿੰਦੀ, ਉਰਦੂ, ਫਾਰਸੀ, ਸਿੰਧੀ ਦੇ ਵੱਡੇ ਗਿਆਤਾ ਹਨ ਅਤੇ ਇਨ੍ਹਾਂ ਨੂੰ ਦੁਨੀਆਂ ਭਰ ਵਿਚ 50 ਦੇ ਕਰੀਬ ਵੱਡੇ ਸਨਮਾਨ ਮਿਲ ਚੁੱਕੇ ਹਨ।
ਡਾ. ਨਬੀਲਾ ਰਹਿਮਾਨ ਨੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਅਤੇ ਜੈਤੇਗ ਸਿੰਘ ਅਨੰਤ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਸ ਪਰਵਦਗਾਰ ਦੀ ਰਹਿਮਤ ਸਦਕਾ ਵੱਖ ਵੱਖ ਵਿਦਵਾਨਾਂ, ਸਾਹਿਤਕਾਰਾਂ ਦੇ ਕਾਰਜ ਨੂੰ ਸ਼ਾਹਮੁਖੀ ਰਾਹੀਂ ਪ੍ਰਚਾਰਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਜੈਤੇਗ ਸਿੰਘ ਅਨੰਤ ਵੱਲੋਂ ਲਹਿੰਦੇ ਪੰਜਾਬ ਵਿਚ ਪੰਜਾਬੀ ਬੋਲੀ ਅਤੇ ਸਾਹਿਤ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਪਾਕਿਸਤਾਨ ਵਿਚ ਪੰਜਾਬੀ ਅਤੇ ਪੰਜਾਬੀਆਂ ਦੀ ਹਾਲਤ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬੀ ਹਮਲਾਵਰਾਂ ਜਾਂ ਧਾੜਵੀਆਂ ਨੂੰ ਜੀ ਆਇਆਂ ਆਖਦੇ ਹਨ, ਪੰਜਾਬੀ ਗ਼ੈਰਤਮੰਦ ਕੌਮ ਨਹੀਂ, ਪੰਜਾਬੀ ਜ਼ਬਾਨ ਗਾਲਾਂ ਦੀ ਜ਼ਬਾਨ ਹੈ। ਅਜਿਹੇ ਮਿਹਣੇ ਅਸੀਂ ਪਿਛਲੀ ਪੌਣੀ ਸਦੀ ਤੋਂ ਸੁਣਦੇ ਅਤੇ ਸਹਿਣ ਕਰਦੇ ਆ ਰਹੇ ਹਾਂ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਤਵਾਰੀਖ ਦੇ ਇਕ ਪਾਸੇ ਇਹ ਦਰਸਾਇਆ ਜਾਂਦਾ ਹੈ ਕਿ ਪੰਜਾਬੀ ਬੜੀ ਬਹਾਦਰ ਕੌਮ ਹੈ ਪਰ ਦੂਜੇ ਪਾਸੇ ਪੰਜਾਬੀਆਂ ਦੀ ਗ਼ੈਰਤ ਨੂੰ ਸਵਾਲੀਆ ਨਿਸ਼ਾਨ ਬਣਾ ਦਿੱਤਾ ਜਾਂਦਾ ਹੈ। ਤਵਾਰੀਖ ਦੇ ਦੋਹਰੇ ਮਿਆਰਾਂ ਕਾਰਨ ਪੰਜਾਬੀ ਇਕ ਜ਼ਿਹਨੀ ਉਲਝਣ ਦਾ ਸ਼ਿਕਾਰ ਹਨ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਹੁਣ ਇਨ੍ਹਾਂ ਦੋਹਰੇ ਮਿਆਰਾਂ ਵਿੱਚੋਂ ਅਸੀਂ ਆਪ ਨਿਕਲਣਾ ਹੈ ਅਤੇ ਆਪਣੀ ਤਵਾਰੀਖ਼ ਦੀ ਭਾਲ ਆਪ ਕਰਕੇ, ਬੇਹੂਦਾ ਅਤੇ ਬੇਤੁਕੇ ਇਲਜ਼ਾਮ ਲਾ ਕੇ ਆਪਣੀ ਛੋਟੀ ਸੋਚ ਦਾ ਮੁਜ਼ਾਹਰਾ ਕਈ ਦਹਾਕਿਆਂ ਤੋਂ ਕਰਦੇ ਆ ਰਹੇ ਪੰਜਾਬ ਤੇ ਪੰਜਾਬੀ ਵਿਰੋਧੀ ਲਿਖਾਰੀਆਂ ਨੂੰ ਮੋੜਵਾਂ ਜਵਾਬ ਦੇਣਾ ਹੈ।
ਡਾ. ਨਬੀਲਾ ਰਹਿਮਾਨ ਨੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਬਾਰੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੋ. ਪਿਰਥੀਪਾਲ ਸਿੰਘ ਕਪੂਰ ਮੁਬਾਰਕਬਾਦ ਦੇ ਪਾਤਰ ਹਨ ਕਿ ਉਨ੍ਹਾਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਜਿਹੇ ਬਹਾਦਰ ਯੋਧੇ ਦੀ ਜੀਵਨ ਗਾਥਾ ਨੂੰ ਬੜੇ ਵਿਸਥਾਰ ਨਾਲ ਆਪਣੀ ਕਿਤਾਬ ਵਿਚ ਬਿਆਨ ਕੀਤਾ ਹੈ। ਇਸ ਕਿਤਾਬ ਤੋਂ ਉਨ੍ਹਾਂ ਦੇ ਖਾਨਦਾਨ ਦੀ ਬਹਾਦਰਾਨਾ ਅਤੇ ਅਮੀਰ ਵਿਰਾਸਤ ਦਾ ਪਤਾ ਲੱਗਦਾ ਹੈ।
ਇਸ ਮੌਕੇ ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਵੱਲੋਂ ਡਾ. ਨਬੀਲਾ ਰਹਿਮਾਨ ਨੂੰ ਪਲੇਕ ਅਤੇ ਸ਼ਾਲ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿਚ ਸੋਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਡਾ. ਨਬੀਲਾ ਰਹਿਮਾਨ, ਜੈਤੇਗ ਸਿੰਘ ਅਨੰਤ, ਸੁਰਿੰਦਰ ਸਿੰਘ ਜੱਬਲ ਅਤੇ ਸਮਾਗਮ ਵਿਚ ਹਾਜਰ ਸਾਰੀ ਸੰਗਤ ਦਾ ਧੰਨਵਾਦ ਕੀਤਾ।

Leave a comment