#AMERICA

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਾਕਿਸਤਾਨ ਦੇ ਨਾਮਵਰ ਇਮਾਰਤਸਾਜ਼ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਸਨਮਾਨ

ਸਿਆਟਲ, 21 ਅਪ੍ਰੈਲ (ਹਰਦਮ ਮਾਨ/ਪੰਜਾਬ ਮੇਲ)- ਬੀਤੇ ਦਿਨ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਪਾਕਿਸਤਾਨ ਦੇ ਨਾਮਵਰ ਇਮਾਰਤਸਾਜ਼ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਪ੍ਰੋ. ਪਰਵੇਜ਼ ਮੁਹੰਮਦ ਵੰਡਲ ਅਤੇ ਉਨ੍ਹਾਂ ਦੀ ਬੇਗਮ ਸਾਜਿਦਾ ਹੈਦਰ ਵੰਡਲ ਵੱਲੋਂ ਨਾਮਵਰ ਸਿੱਖ ਇਮਾਰਤਸਾਜ਼ ਭਾਈ ਰਾਮ ਸਿੰਘ ਸੰਬੰਧੀ ਕੀਤੇ ਮਹਾਨ ਖੋਜ ਕਾਰਜ ਦੇ ਸਨਮਾਨ ਹਿਤ ਦਿੱਤਾ ਗਿਆ। ਪਿਛਲੇ ਸਾਲ ਅਗਸਤ ਵਿਚ ਭਾਈ ਰਾਮ ਸਿੰਘ ਦੇ 164 ਵੇਂ ਜਨਮ ਦਿਨ ਮੌਕੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਸਰੀ ਵਿਚ ਕਰਵਾਏ ਗਏ ਵਿਸ਼ੇਸ਼ ਸਮਾਰੋਹ ਵਿਚ ਇਹ ਐਵਾਰਡ ਉਨ੍ਹਾਂ ਨੂੰ ਪ੍ਰਦਾਨ ਕੀਤਾ ਜਾਣਾ ਸੀ ਪਰ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਨੂੰ ਕੈਨੇਡਾ ਦਾ ਵੀਜ਼ਾ ਨਾ ਮਿਲਣ ਕਾਰਨ ਇਹ ਸੰਭਵ ਨਾ ਹੋ ਸਕਿਆ। ਹੁਣ ਜਦੋਂ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਸਿਆਟਲ (ਅਮਰੀਕਾ) ਵਿਖੇ ਆਪਣੇ ਸਪੁੱਤਰ ਉਮਰ ਦੇ ਨਿਵਾਸ ਸਥਾਨ ਤੇ ਆਏ ਤਾਂ ਇਹ ਸਨਮਾਨ ਦੇਣ ਲਈ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਤੇ ਪਬਲਿਕ ਰਿਲੇਸ਼ਨ ਸੈਕਟਰੀ ਸੁਰਿੰਦਰ ਸਿੰਘ ਜੱਬਲ ਅਤੇ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ-ਰਵਾਂ ਜੈਤੇਗ ਸਿੰਘ ਅਨੰਤ ਵਿਸ਼ੇਸ਼ ਤੌਰ ਤੇ ਸਿਆਟਲ ਪਹੁੰਚੇ।
ਇਸ ਮੌਕੇ ਬੋਲਦਿਆਂ ਨਾਮਵਰ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਮੁਹੰਮਦ ਪਰਵੇਜ਼ ਵੰਡਲ, ਇੰਸਟੀਚਿਊਟ ਆਫ ਆਰਟ ਐਂਡ ਕਲਚਰ ਲਾਹੌਰ ਦੇ ਪਰੋ ਵਾਈਸ ਚਾਂਸਲਰ ਰਹੇ ਹਨ ਅਤੇ ਕਈ ਵੱਡੇ ਵੱਡੇ ਪ੍ਰੋਜੈਕਟ ਕਰਨ ਸਦਕਾ ਉਹ ਪਾਕਿਸਤਾਨ ਦੀ ਅਹਿਮ ਸ਼ਖ਼ਸੀਅਤ ਹਨ। ਮਹਾਨ ਸਿੱਖ ਇਮਾਰਤਸਾਜ਼ ਭਾਈ ਰਾਮ ਸਿੰਘ ਦੇ ਵੱਡੇ ਕਾਰਜਾਂ ਦੀ ਖੋਜ ਸੰਬੰਧੀ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਅਤੇ ਸਾਜਿਦਾ ਹੈਦਰ ਵੰਡਲ ਦੀ ਅੰਗਰੇਜ਼ੀ ਵਿਚ ਇਕ ਪੁਸਤਕ ਪ੍ਰਕਾਸ਼ਿਤ ਹੋਣ ਸਦਕਾ ਉਨ੍ਹਾਂ ਦੀ ਪਛਾਣ ਆਲਮੀ ਜਗਤ ਵਿਚ ਹੋਰ ਗੂੜ੍ਹੀ ਹੋਈ ਹੈ। ਭਾਈ ਰਾਮ ਸਿੰਘ ਦੀ ਇਮਾਰਤਸਾਜ਼ੀ ਕਲਾ ਨੂੰ ਚੇਤੇ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦਾ ਖ਼ਾਲਸਾ ਕਾਲਜ ਉਨ੍ਹਾਂ ਦੀ ਭਵਨ ਨਿਰਮਾਣ ਕਲਾ ਦੀ ਇਕ ਸ਼ਾਹਕਾਰ ਸਿਰਜਣਾ ਹੈ। ਇਸ ਤੋਂ ਇਲਾਵਾ ਇੰਗਲੈਂਡ ਵਿਚ ਦਰਬਾਰ ਹਾਲ ਦਾ ਸਾਰਾ ਅੰਦਰੂਨੀ ਡੀਜ਼ਾਈਨ, ਪੰਜਾਬ ਯੂਨੀਵਰਸਿਟੀ ਲਾਹੌਰ ਦੇ ਸੈਨੇਟ ਹਾਲ ਦਾ ਡੀਜ਼ਾਈਨ, ਲਾਹੌਰ ਵਿਚ ਐਚੀਸਨ ਚੀਫਜ਼ ਕਾਲਜ, ਕਰਿਸਚਨ ਕਾਲਜ ਲਾਹੌਰ, ਐਚੀਸਨ ਹਸਪਤਾਲ, ਸਰਕਾਰੀ ਕਾਲਜ ਬੋਰਡਿੰਗ ਹਾਊਸ, ਐਲਬਰਟ ਵਿਕਟਰ ਵਿੰਗ, ਲੇਡੀ ਲਾਇਲ ਹੋਮ, ਸ਼ਿਮਲਾ ਵਿਚ ਵਾਈਸਰੀਗਲ ਫੌਜ, ਨਾਭਾ ਰਿਆਸਤ ਦਾ ਜ਼ਨਾਨਾ ਮਹੱਲ, ਗੁਰਦੁਆਰਾ ਸਾਰਾਗੜ੍ਹੀ ਸਾਹਿਬ ਅੰਮ੍ਰਿਤਸਰ, ਨਿਊ ਰੇਲਵੇ ਥੀਏਟਰ ਲਾਹੌਰ ਅਤੇ ਹੋਰ ਬਹੁਤ ਸਾਰੀਆਂ ਸ਼ਾਹੀ ਇਮਾਰਤਾਂ ਉਨ੍ਹਾਂ ਦੀ ਕਲਾ ਦੀਆਂ ਮੂੰਹੋਂ ਬੋਲਦੀਆਂ ਕਿਰਤਾਂ ਹਨ।
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰਿਲੇਸ਼ਨ ਅਫਸਰ ਸੁਰਿੰਦਰ ਸਿੰਘ ਜੱਬਲ ਨੇ ਕਿਹਾ ਕਿ ਨਾਮਵਰ ਆਰਕੀਟੈਕਟ ਪ੍ਰੋ. ਮੁਹੰਮਦ ਪਰਵੇਜ਼ ਵੰਡਲ ਅਤੇ ਸਾਜਿਦਾ ਹੈਦਰ ਵੰਡਲ ਵੱਲੋਂ ਭਾਈ ਰਾਮ ਸਿੰਘ ਆਰਕੀਟੈਕਚਰ ਬਾਰੇ ਕੀਤਾ ਖੋਜ ਭਰਪੂਰ ਕਾਰਜ ਸਿੱਖ ਜਗਤ ਲਈ ਵੱਡੇ ਮਾਣ ਵਾਲੀ ਗੱਲ ਹੈ ਅਤੇ ਇਸ ਖੋਜ ਕਾਰਜ ਨੂੰ ਅੰਗਰੇਜ਼ੀ ਵਿਚ ‘ਰਾਜ ਲਾਹੌਰ ਐਂਡ ਭਾਈ ਰਾਮ ਸਿੰਘ’ ਟਾਈਟਲ ਤਹਿਤ ਪੁਸਤਕ ਰੂਪ ਦੇ ਕੇ ਉਨ੍ਹਾਂ ਸਮੁੱਚੇ ਸਿੱਖ ਜਗਤ ਦਾ ਮਨ ਮੋਹ ਲਿਆ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਉਨ੍ਹਾਂ ਨੂੰ ਇਹ ਸਨਮਾਨ ਭੇਂਟ ਕਰਕੇ ਖ਼ੁਦ ਮਾਣ ਮਹਿਸੂਸ ਕਰਦੀ ਹੈ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਮਾਨਾਂ ਦੀ ਬੁਨਿਆਦ ਇੱਕ ਹੈ ਅਤੇ ਪ੍ਰੋ. ਮੁਹੰਮਦ ਪਰਵੇਜ਼ ਅਤੇ ਸਾਜਿਦਾ ਹੈਦਰ ਨੇ ਆਪਣੇ ਇਸ ਕਾਰਜ ਰਾਹੀਂ ਸਿੱਖ ਹਿਰਦਿਆਂ ਵਿਚ ਵਿਸ਼ੇਸ਼ ਸਥਾਨ ਬਣਾਇਆ ਹੈ।
ਪ੍ਰੋ. ਮੁਹੰਮਦ ਪਰਵੇਜ਼ ਵੰਡਲ ਨੇ ਇਸ ਵਡੇਰੇ ਮਾਣ ਲਈ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਾਰੇ ਪ੍ਰਬੰਧਕਾਂ ਅਤੇ ਜੈਤੇਗ ਸਿੰਘ ਅਨੰਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਲ ਉਨ੍ਹਾਂ ਦੀ ਜ਼ਿੰਦਗੀ ਦੇ ਬੇਹੱਦ ਖੁਸ਼ਨੁਮਾ ਅਤੇ ਮਾਣਮੱਤੇ ਪਲ ਹਨ ਜਿਨ੍ਹਾਂ ਨੂੰ ਉਹ ਤਮਾਮ ਉਮਰ ਆਪਣੇ ਚੇਤਿਆਂ ਵਿੱਚੋਂ ਵਿਸਾਰ ਨਹੀਂ ਸਕਣਗੇ। ਇਸ ਮੌਕੇ ਉਨ੍ਹਾਂ ਸਿੱਖਾਂ ਅਤੇ ਮੁਸਲਮਾਨਾਂ ਦੇ ਆਪਸੀ ਭਾਈਚਾਰੇ, ਪੰਜਾਬ ਅਤੇ ਪੰਜਾਬੀਅਤ ਦੀ ਪੁਰਾਤਨ ਸਾਂਝ ਨੂੰ ਵੀ ਯਾਦ ਕੀਤਾ। ਇਸ ਮੌਕੇ ਜੈਤੇਗ ਸਿੰਘ ਅਨੰਤ ਨੇ ਆਪਣੀ ਸੰਪਾਦਿਤ ਕੌਫੀ ਟੇਬਲ ਪੁਸਤਕ ‘ਰਾਮਗੜ੍ਹੀਆ ਵਿਰਾਸਤ’ ਅਤੇ ਸੁਰਿੰਦਰ ਸਿੰਘ ਜੱਬਲ ਨੇ ਆਪਣੀ ਪੁਸਤਕ ‘ਚਾਚਾ ਵੈਨਕੂਵਰੀਆ’ ਉਨ੍ਹਾਂ ਨੂੰ ਭੇਂਟ ਕੀਤੀ। ਸਨਮਾਨ ਦੀ ਇਸ ਰਸਮ ਸਮੇਂ ਪ੍ਰਸਿੱਧ ਪੰਜਾਬੀ ਸ਼ਾਇਰ ਅਵਤਾਰ ਸਿੰਘ ਆਦਮਪੁਰੀ, ਉਨ੍ਹਾਂ ਦੀ ਧਰਮ ਪਤਨੀ, ਪ੍ਰੋ. ਮੁਹੰਮਦ ਪਰਵੇਜ਼ ਵੰਡਲ ਦੇ ਸਪੁੱਤਰ ਉਮਰ, ਸ਼ਾਇਰ ਹਰਮਦ ਸਿੰਘ ਮਾਨ ਵੀ ਮੌਜੂਦ ਸਨ।

Leave a comment