#CANADA

ਕੈਨੇਡੀਅਨ ਯੂਜ਼ਰਜ਼ ਹੁਣ ਫ਼ੇਸਬੁੱਕ ਤੇ ਇੰਸਟਾਗ੍ਰਾਮ ‘ਤੇ ਨਹੀਂ ਕਰ ਸਕਣਗੇ ਖ਼ਬਰਾਂ ਤੱਕ ਪਹੁੰਚ

ਟੋਰਾਂਟੋ, 24 ਜੂਨ (ਪੰਜਾਬ ਮੇਲ)-ਟੈਕ ਕੰਪਨੀ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ ਕਿ ਔਨਲਾਈਨ ਨਿਊਜ਼ ਐਕਟ, ਬਿਲ ਸੀ-18, ਦੇ ਲਾਗੂ ਹੋਣ ਤੋਂ ਪਹਿਲਾਂ ਉਹ ਸਾਰੇ ਕੈਨੇਡੀਅਨ ਯੂਜ਼ਰਜ਼ ਲਈ ਆਪਣੀ ਸੋਸ਼ਲ ਮੀਡੀਆ ਸਾਈਟਾਂ ‘ਤੇ ਖ਼ਬਰਾਂ ਤੱਕ ਪਹੁੰਚ ਨੂੰ ਖ਼ਤਮ ਕਰ ਦੇਵੇਗੀ। ਬਿਲ ਸੀ-18 ‘ਤੇ ਸ਼ਾਹੀ ਮੋਹਰ ਵੀ ਲੱਗ ਗਈ ਅਤੇ ਇਹ ਕਾਨੂੰਨ ਬਣ ਗਿਆ ਹੈ। ਇਸ ਕਾਨੂੰਨ ਤਹਿਤ ਮੈਟਾ ਅਤੇ ਗੂਗਲ ਵਰਗੀਆਂ ਟੈਕ ਕੰਪਨੀਆਂ ਨੂੰ ਆਪਣੇ ਪਲੈਟਫ਼ੌਰਮਜ਼ ‘ਤੇ ਖ਼ਬਰਾਂ ਪੋਸਟ ਕਰਨ ਦੇ ਬਦਲੇ ਮੀਡੀਆ ਅਦਾਰਿਆਂ ਨੂੰ ਭੁਗਤਾਨ ਕਰਨਾ ਹੋਵੇਗਾ।
ਮੈਟਾ ਨੇ ਕਿਹਾ ਕਿ ਉਹ ਅਗਲੇ ਕੁਝ ਮਹੀਨਿਆਂ ਦੌਰਾਨ ਕੈਨੇਡੀਅਨ ਯੂਜ਼ਰਜ਼ ਲਈ ਖ਼ਬਰਾਂ ਰੋਕਣਾ ਸ਼ੁਰੂ ਕਰ ਦੇਵੇਗੀ, ਪਰ ਇਹ ਤਬਦੀਲੀ ਅਚਾਨਕ ਨਹੀਂ ਹੋਵੇਗੀ। ਹੁਣ ਜਦੋਂ ਕਿ ਬਿਲ ਨੂੰ ਸ਼ਾਹੀ ਮਨਜ਼ੂਰੀ ਮਿਲ ਗਈ ਹੈ, ਕੈਨੇਡੀਅਨ ਹੈਰੀਟੇਜ ਵਿਭਾਗ ਇਸ ਐਕਟ ਦੀ ਵਰਤੋਂ ਅਤੇ ਨਿਯਮਾਂ ਦਾ ਖਰੜਾ ਤਿਆਰ ਕਰੇਗਾ ਅਤੇ ਇਸਨੂੰ ਲਾਗੂ ਕਰਨ ਦੇ ਦਿਸ਼ਾ-ਨਿਰਦੇਸ਼ ਪ੍ਰਦਾਨ ਕਰੇਗਾ। ਬਿਲ ਸੀ-18 ਨੂੰ ਲਾਗੂ ਹੋਣ ਵਿਚ 6 ਮਹੀਨੇ ਲੱਗਣੇ ਚਾਹੀਦੇ ਹਨ।
ਬਿਲ ਸੀ-18 ਬਾਰੇ ਮੈਟਾ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਉਹ ਕੈਨੇਡੀਅਨ ਯੂਜ਼ਰਜ਼ ਲਈ ਫ਼ੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਨਿਊਜ਼ ਸਮੱਗਰੀ ਨੂੰ ਬਲੌਕ ਕਰੇਗੀ। ਮਿਨਿਸਟਰ ਰੌਡਰਿਗਜ਼ ਨੇ ਇੱਕ ਵੱਖਰੇ ਮੀਡੀਆ ਬਿਆਨ ਵਿਚ ਕਿਹਾ ਸੀ ਕਿ ਫ਼ਿਲਹਾਲ ਮੈਟਾ ਦੀ ਇਸ ਐਕਟ ਤਹਿਤ ਕੋਈ ਜ਼ਿੰਮੇਵਾਰੀ ਨਹੀਂ ਹੈ ਅਤੇ ਸ਼ਾਹੀ ਮਨਜ਼ੂਰੀ ਤੋਂ ਬਾਅਦ ਫ਼ੈਡਰਲ ਸਰਕਾਰ ਇਸ ਕਾਨੂੰਨ ਦੇ ਨਿਯੰਤ੍ਰਣ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਵੇਗੀ।

Leave a comment