#INDIA

ਕੈਨੇਡੀਅਨਾਂ ਨੂੰ ਵੀਜ਼ਾ ਜਾਰੀ ਕਰਨਾ ਮੁੜ ਸ਼ੁਰੂ ਕਰ ਸਕਦੈ ਭਾਰਤ!

-ਜੇਕਰ ਕੈਨੇਡਾ ‘ਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ‘ਚ ਪ੍ਰਗਤੀ ਹੋਵੇ, ਤਾਂ ਸ਼ੁਰੂ ਕਰਾਂਗੇ ਵੀਜ਼ਾ : ਭਾਰਤੀ ਵਿਦੇਸ਼ ਮੰਤਰੀ
ਨਵੀਂ ਦਿੱਲੀ, 23 ਅਕਤੂਬਰ (ਪੰਜਾਬ ਮੇਲ)- ਵਿਦੇਸ਼ ਮੰਤਰੀ ਐੱਸ਼ ਜੈਸ਼ੰਕਰ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਦੇ ਮਾਮਲਿਆਂ ‘ਚ ਕੈਨੇਡਾ ਦੇ ਕਰਮੀਆਂ ਦੀ ਦਖ਼ਲ-ਅੰਦਾਜ਼ੀ ਨੂੰ ਲੈ ਕੇ ਚਿੰਤਾਵਾਂ ਨੂੰ ਵੇਖਦੇ ਹੋਏ ਨਵੀਂ ਦਿੱਲੀ ਨੇ ਦੇਸ਼ ਵਿਚ ਕੈਨੇਡਾ ਦੀ ਕੂਟਨੀਤਕ ਮੌਜੂਦਗੀ ‘ਚ ਬਰਾਬਰੀ ਦਾ ਪ੍ਰਬੰਧ ਲਾਗੂ ਕੀਤਾ ਹੈ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਜੇਕਰ ਕੈਨੇਡਾ ‘ਚ ਭਾਰਤੀ ਡਿਪਲੋਮੈਟਾਂ ਦੀ ਸੁਰੱਖਿਆ ‘ਚ ਪ੍ਰਗਤੀ ਹੁੰਦੀ ਹੈ, ਤਾਂ ਭਾਰਤ ਕੈਨੇਡੀਅਨਾਂ ਨੂੰ ਵੀਜ਼ਾ ਜਾਰੀ ਕਰਨਾ ਮੁੜ ਸ਼ੁਰੂ ਕਰ ਸਕਦਾ ਹੈ।
ਦੱਸ ਦੇਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪਿਛਲੇ ਮਹੀਨੇ ਜੂਨ ‘ਚ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ‘ਚ ਤਣਾਅ ਆ ਗਿਆ ਹੈ। ਟਰੂਡੋ ਦੇ ਦੋਸ਼ਾਂ ਤੋਂ ਕੁਝ ਦਿਨ ਬਾਅਦ ਭਾਰਤ ਨੇ ਐਲਾਨ ਕੀਤਾ ਕਿ ਉਹ ਕੈਨੇਡੀਅਨ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨਾ ਅਸਥਾਈ ਤੌਰ ‘ਤੇ ਮੁਅੱਤਲ ਕਰ ਦੇਵੇਗਾ ਅਤੇ ਓਟਾਵਾ ਨੂੰ ਭਾਰਤ ਵਿਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਘਟਾਉਣ ਲਈ ਕਿਹਾ ਹੈ।
ਜੈਸ਼ੰਕਰ ਨੇ ਇਕ ਪ੍ਰੋਗਰਾਮ ‘ਚ ਭਾਰਤ-ਕੈਨੇਡਾ ਸੰਬੰਧਾਂ ਨੂੰ ਲੈ ਕੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜੇਕਰ ਸਾਨੂੰ ਕੈਨੇਡਾ ‘ਚ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ‘ਚ ਪ੍ਰਗਤੀ ਦਿਸਦੀ ਹੈ ਤਾਂ ਅਸੀਂ ਉਥੇ ਵੀਜ਼ਾ ਜਾਰੀ ਕਰਨਾ ਫਿਰ ਤੋਂ ਸ਼ੁਰੂ ਕਰਨਾ ਚਾਹਾਂਗੇ। ਭਾਰਤ ਵਿਚ ਕੈਨੇਡਾ ਦੀ ਕੂਟਨੀਤਕ ਮੌਜੂਦਗੀ ਨੂੰ ਘਟਾਉਣ ਬਾਰੇ ਉਨ੍ਹਾਂ ਕਿਹਾ ਕਿ ਡਿਪਲੋਮੈਟਿਕ ਸੰਬੰਧਾਂ ਬਾਰੇ ਵਿਆਨਾ ਸੰਧੀ ਵਿਚ ਕੂਟਨੀਤਕ ਸਮਾਨਤਾ ਪ੍ਰਦਾਨ ਕੀਤੀ ਗਈ ਹੈ।
ਜੈਸ਼ੰਕਰ ਨੇ ਕਿਹਾ ਕਿ ਵਿਆਨਾ ਸੰਧੀ ਦੁਆਰਾ ਸਮਾਨਤਾ ਪ੍ਰਦਾਨ ਕੀਤੀ ਗਈ ਹੈ, ਜੋ ਕਿ ਇਸ ‘ਤੇ ਪ੍ਰਸੰਗਿਕ  ਅੰਤਰਰਾਸ਼ਟਰੀ ਨਿਯਮ ਹੈ। ਸਾਡੇ ਮਾਮਲੇ ਵਿਚ, ਅਸੀਂ ਬਰਾਬਰੀ ਦੀ ਮੰਗ ਕੀਤੀ ਕਿਉਂਕਿ ਅਸੀਂ ਕੈਨੇਡੀਅਨ ਕਰਮਚਾਰੀਆਂ ਦੁਆਰਾ ਸਾਡੇ ਮਾਮਲਿਆਂ ਵਿਚ ਲਗਾਤਾਰ ਦਖਲਅੰਦਾਜ਼ੀ ਨੂੰ ਲੈ ਕੇ ਚਿੰਤਾ ‘ਚ ਸੀ। ਕੈਨੇਡਾ ਆਪਣੇ 41 ਡਿਪਲੋਮੈਟਾਂ ਨੂੰ ਪਹਿਲਾਂ ਹੀ ਭਾਰਤ ਤੋਂ ਵਾਪਸ ਬੁਲਾ ਚੁੱਕਾ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਵੀਰਵਾਰ ਨੂੰ ਭਾਰਤ ਤੋਂ ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕਰਦੇ ਹੋਏ ਭਾਰਤ ਦੇ ਇਸ ਕਦਮ ਨੂੰ ”ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਅਤੇ ਡਿਪਲੋਮੈਟਿਕ ਸੰਬੰਧਾਂ ‘ਤੇ ਜੇਨੇਵਾ ਸੰਧੀ ਦੀ ਸਪੱਸ਼ਟ ਉਲੰਘਣਾ ਦੱਸਿਆ।” ਭਾਰਤ ਪਹਿਲਾਂ ਹੀ ਇਸ ਦੋਸ਼ ਨੂੰ ਰੱਦ ਕਰ ਚੁੱਕਾ ਹੈ।
ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਅਜੇ ਮੁਸ਼ਕਿਲ ਦੌਰ ‘ਚੋਂ ਗੁਜ਼ਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਨੂੰ ਕੈਨੇਡੀਅਨ ਰਾਜਨੀਤੀ ਦੇ ਕੁਝ ਹਿੱਸਿਆਂ ਨਾਲ ਸਮੱਸਿਆ ਹੈ।

Leave a comment