#CANADA

ਕੈਨੇਡਾ ਵੱਲੋਂ ਮਾਪਿਆਂ, ਦਾਦਾ-ਦਾਦੀ ਲਈ ਸਥਾਈ ਨਿਵਾਸ ਸਪਾਂਸਰਸ਼ਿਪ ਅਰਜ਼ੀਆਂ ‘ਤੇ ਰੋਕ

ਟੋਰਾਂਟੋ, 4 ਜਨਵਰੀ (ਪੰਜਾਬ ਮੇਲ)-ਕੈਨੇਡਾ 2025 ਵਿਚ ਸਥਾਈ ਨਿਵਾਸ ਲਈ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਲਈ ਕੋਈ ਨਵੀਂ ਅਰਜ਼ੀ ਸਵੀਕਾਰ ਨਹੀਂ ਕਰੇਗਾ। ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਨੇ ਘੋਸ਼ਣਾ ਕੀਤੀ ਹੈ ਕਿ 2025 ਦੌਰਾਨ, ਵਿਭਾਗ ਸਿਰਫ਼ ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ ਅਧੀਨ 2024 ਵਿਚ ਜਮ੍ਹਾਂ ਕੀਤੀਆਂ ਗਈਆਂ ਪਰਿਵਾਰਕ ਸਪਾਂਸਰਸ਼ਿਪ ਅਰਜ਼ੀਆਂ ‘ਤੇ ਹੀ ਕਾਰਵਾਈ ਕਰੇਗਾ। ਵਿਭਾਗ ਦਾ ਇਰਾਦਾ 2025 ਤੱਕ ਵੱਧ ਤੋਂ ਵੱਧ 15,000 ਸਪਾਂਸਰਸ਼ਿਪ ਅਰਜ਼ੀਆਂ ‘ਤੇ ਕਾਰਵਾਈ ਕਰਨ ਦਾ ਹੈ।
ਕੈਨੇਡਾ ਦੇ ਨਾਗਰਿਕਾ ਅਤੇ ਸਥਾਈ ਨਿਵਾਸੀ ਜੋ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਲੰਬੇ ਸਮੇਂ ਤੱਕ ਉਨ੍ਹਾਂ ਨਾਲ ਕੈਨੇਡਾ ਵਿਚ ਰਹਿਣ, ਉਹ ਅਜੇ ਵੀ ਆਪਣੇ ਰਿਸ਼ਤੇਦਾਰਾਂ ਨੂੰ ਸੁਪਰ ਵੀਜ਼ਾ ‘ਤੇ ਸਪਾਂਸਰ ਕਰ ਸਕਦੇ ਹਨ, ਜੋ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਇੱਕ ਵਾਰ ਵਿਚ 5 ਸਾਲਾਂ ਤੱਕ ਕੈਨੇਡਾ ਵਿਚ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦੇ ਸਕਦਾ ਹੈ।