#CANADA

ਕੈਨੇਡਾ ਵੱਲੋਂ ਭਾਰਤ ਦੀ ਟਰੈਵਲ ਐਡਵਾਈਜ਼ਰੀ ਰੱਦ

ਟੋਰਾਂਟੋ, 21 ਸਤੰਬਰ (ਪੰਜਾਬ ਮੇਲ)- ਕੈਨੇਡਾ ਦੀ ਸਰਕਾਰ ਨੇ ਦੇਸ਼ ਵਿਚ ਸੁਰੱਖਿਆ ਖ਼ਤਰਿਆਂ ਬਾਰੇ ਭਾਰਤ ਵੱਲੋਂ ਜਾਰੀ ਕੀਤੀ ਯਾਤਰਾ ਸਲਾਹ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਦੁਨੀਆਂ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਵਿਚੋਂ ਇਕ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਜੂਨ ਵਿਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ‘ਚ ਭਾਰਤ ਸਰਕਾਰ ਦੇ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਦੋਸ਼ਾਂ ਨੇ ਇਕ ਕੂਟਨੀਤਿਕ ਵਿਵਾਦ ਪੈਦਾ ਕਰ ਦਿੱਤਾ ਅਤੇ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ‘ਬੇਹੁਦਾ’ ਅਤੇ ‘ਪ੍ਰੇਰਿਤ’ ਦੱਸਦਿਆਂ ਰੱਦ ਕਰ ਦਿੱਤਾ ਅਤੇ ਇਸ ਮਾਮਲੇ ‘ਚ ਓਟਵਾ ਵਿਚ ਇਕ ਭਾਰਤੀ ਅਧਿਕਾਰੀ ਨੂੰ ਕੱਢੇ ਜਾਣ ਬਦਲੇ ਭਾਰਤ ਨੇ ਇਕ ਸੀਨੀਅਰ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡਣ ਲਈ ਕਿਹਾ।
ਦਿ ਗਲੋਬ ਐਂਡ ਮੇਲ ਅਖ਼ਬਾਰ ਦੀ ਰਿਪੋਰਟ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਭਾਰਤੀ ਨਾਗਰਿਕਾਂ ਨੂੰ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਦੇਸ਼ ਦੀ ਯਾਤਰਾ ਕਰਨਾ ਸੁਰੱਖਿਅਤ ਹੈ। ਕੈਨੇਡੀਅਨ ਪ੍ਰੈੱਸ ਨੇ ਮਿਲਰ ਦੇ ਹਵਾਲੇ ਨਾਲ ਕਿਹਾ, ”ਦੇਖੋ, ਮੈਨੂੰ ਲੱਗਦਾ ਹੈ ਕਿ ਹਰ ਕੋਈ ਜਾਣਦਾ ਹੈ ਕਿ ਕੈਨੇਡਾ ਇਕ ਸੁਰੱਖਿਅਤ ਦੇਸ਼ ਹੈ ਅਤੇ ਪਿਛਲੇ ਦੋ ਜਾਂ ਤਿੰਨ ਦਿਨਾਂ ਦੀਆਂ ਘਟਨਾਵਾਂ ਅਤੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰ ਕਿਸੇ ਲਈ ਸ਼ਾਂਤ ਰਹਿਣਾ ਮਹੱਤਵਪੂਰਨ ਹੈ। ਕੈਨੇਡਾ ਕਿਸੇ ਵੀ ਮਾਪਦੰਡ ਅਨੁਸਾਰ ਦੁਨੀਆਂ ਦੇ ਸਭ ਤੋਂ ਸੁਰੱਖਿਅਤ ਦੇਸ਼ਾਂ ਵਿਚੋਂ ਇਕ ਹੈ, ਜਿੱਥੇ ਕਾਨੂੰਨ ਦਾ ਰਾਜ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਉਹ ਬਿਆਨ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਸਵੀਕਾਰ ਕੀਤਾ ਕਿ ਸਿੱਖ ਆਗੂ ਹਰਦੀਪ ਨਿੱਝਰ ਦੀ ਹੱਤਿਆ ਵਿਚ ਭਾਰਤ ਸਰਕਾਰ ਦੇ ਏਜੰਟਾਂ ਦੀ ‘ਸੰਭਾਵੀ’ ਸ਼ਮੂਲੀਅਤ ਦੇ ਕੈਨੇਡੀਅਨ ਦੋਸ਼ਾਂ ਨੇ ਭਾਰਤ ਸਰਕਾਰ ਨਾਲ ਤਣਾਅ ਨੂੰ ਵਧਾ ਦਿੱਤਾ ਹੈ।

Leave a comment