#CANADA

ਕੈਨੇਡਾ ਵੱਲੋਂ ਤੰਬਾਕੂ ਨਾਲ ਹੁੰਦੀਆਂ ਮੌਤਾਂ ਘਟਾਉਣ ਲਈ ਸਿਗਰਟਾਂ ‘ਤੇ ਸਿੱਧੀ ਸਿਹਤ ਸੰਬੰਧੀ ਚਿਤਾਵਨੀ ਲੇਬਲ ਲਗਾਉਣ ਦਾ ਐਲਾਨ

-‘ਸਿਗਰਟ’ ‘ਤੇ ਸਿਹਤ ਸਬੰਧੀ ਚਿਤਾਵਨੀ ਦੇਣ ਵਾਲਾ ਪਹਿਲਾ ਦੇਸ਼ ਬਣਿਆ ਕੈਨੇਡਾ
ਟੋਰਾਂਟੋ, 1 ਜੂਨ (ਪੰਜਾਬ ਮੇਲ)- ਕੈਨੇਡਾ ਆਪਣੇ ਦੇਸ਼ ਵਾਸੀਆਂ ਨੂੰ ਸਿਗਰਟਨੋਸ਼ੀ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਿਗਰਟ ਛੱਡਣ ਲਈ ਪ੍ਰੇਰਿਤ ਕਰਨ ਵੱਲ ਕਦਮ ਵਧਾ ਰਿਹਾ ਹੈ। ਕੈਨੇਡਾ ਨੇ ਹੁਣ ਤੰਬਾਕੂ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਦੀ ਕੋਸ਼ਿਸ਼ ਵਿਚ ਸਿਗਰਟਾਂ ‘ਤੇ ਸਿੱਧੀ ਸਿਹਤ ਸਬੰਧੀ ਚਿਤਾਵਨੀ ਲੇਬਲ ਲਗਾਉਣ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਕੈਨੇਡੀਅਨ ਮੀਡੀਆ ਦੀ ਇਕ ਰਿਪੋਰਟ ਵਿਚ ਦਿੱਤੀ ਗਈ।
ਤੰਬਾਕੂ ਦਾ ਧੂੰਆਂ ਬੱਚਿਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਸਿਗਰਟ ਲਿਊਕੀਮੀਆ ਦਾ ਕਾਰਨ ਬਣਦੀ ਹੈ। ਹਰ ਸੂਟੇ ਵਿਚ ਜ਼ਹਿਰ ਹੈ। ਕੁਝ ਅਜਿਹੇ ਸੰਦੇਸ਼ ਹਨ, ਜੋ ਜਲਦੀ ਹੀ ਕੈਨੇਡਾ ਵਿਚ ਹਰ ਸਿਗਰਟ ‘ਤੇ ਅੰਗਰੇਜ਼ੀ ਅਤੇ ਫਰੈਂਚ ਦੋਵਾਂ ਵਿਚ ਦਿਖਾਈ ਦੇਣਗੇ। ਹੁਣ ਹਰ ਸਿਗਰਟ ‘ਤੇ ਸਿਹਤ ਸਬੰਧੀ ਚਿਤਾਵਨੀਆਂ ਛਾਪਣੀਆਂ ਪੈਣਗੀਆਂ। ਕੈਨੇਡਾ ਅਜਿਹਾ ਕਰਨ ਵਾਲਾ ਦੁਨੀਆਂ ਦਾ ਪਹਿਲਾ ਦੇਸ਼ ਬਣ ਗਿਆ ਹੈ। ਕੈਨੇਡੀਅਨ ਸਿਹਤ ਅਧਿਕਾਰੀਆਂ ਨੇ ਇਕ ਪ੍ਰੈੱਸ ਨੋਟ ਵਿਚ ਕਿਹਾ ਕਿ ਨਵੇਂ ਤੰਬਾਕੂ ਉਤਪਾਦਾਂ ਦੀ ਪੈਕਿੰਗ ਅਤੇ ਚਿਤਾਵਨੀ ਨਿਯਮਾਂ ਦਾ ਉਦੇਸ਼ ਕੈਨੇਡਾ ਸਰਕਾਰ ਨੂੰ ਉਨ੍ਹਾਂ ਬਾਲਗਾਂ ਦੀ ਮਦਦ ਕਰਨਾ ਹੈ ਜੋ ਸਿਗਰਟ ਛੱਡਣੀ ਚਾਹੁੰਦੇ ਹਨ।
ਇਹ ਕਦਮ ਨੌਜਵਾਨਾਂ ਅਤੇ ਗੈਰ-ਤੰਬਾਕੂ ਖਪਤਕਾਰਾਂ ਨੂੰ ਨਿਕੋਟੀਨ ਦੀ ਲਤ ਤੋਂ ਬਚਾਉਣ ਅਤੇ ਤੰਬਾਕੂ ਦੀ ਅਪੀਲ ਨੂੰ ਹੋਰ ਘਟਾਉਣ ਵਿਚ ਵੀ ਮਦਦ ਕਰੇਗਾ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਹਰ ਸਿਗਰੇਟ ‘ਤੇ ਛਪੀਆਂ ਚਿਤਾਵਨੀਆਂ ਲੋਕਾਂ ਦਾ ਧਿਆਨ ਖਿੱਚਣਗੀਆਂ। ਕੈਨੇਡੀਅਨ ਕੈਂਸਰ ਸੋਸਾਇਟੀ ਦੇ ਸੀਨੀਅਰ ਨੀਤੀ ਵਿਸ਼ਲੇਸ਼ਕ ਰੌਬ ਕਨਿੰਘਮ ਅਨੁਸਾਰ ਨਵਾਂ ਨਿਯਮ ਇਕ ਵਿਸ਼ਵਵਿਆਪੀ ਮਿਸਾਲ ਕਾਇਮ ਕਰਨ ਲਈ ਇਕ ਮਹੱਤਵਪੂਰਨ ਕਦਮ ਹੋਵੇਗਾ, ਜੋ ਸਿਗਰਟਨੋਸ਼ੀ ਕਰਨ ਵਾਲੇ ਹਰ ਵਿਅਕਤੀ ਤੱਕ ਪਹੁੰਚ ਜਾਵੇਗਾ। ਇਹ ਨਿਯਮ 2035 ਤੱਕ ਦੇਸ਼ ਵਿਆਪੀ ਤੰਬਾਕੂ ਦੀ ਖਪਤ ਨੂੰ ਪੰਜ ਪ੍ਰਤੀਸ਼ਤ ਤੋਂ ਘੱਟ ਕਰਨ ਦੇ ਦੇਸ਼ ਦੇ ਟੀਚੇ ਦਾ ਹਿੱਸਾ ਹੈ।

Leave a comment