#CANADA

ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਹੀਂ ਮਿਲ ਰਹੀ ਰਿਹਾਇਸ਼

ਮੌਂਟਰੀਅਲ ਯੂਥ-ਸਟੂਡੈਂਟਸ ਆਰਗੇਨਾਈਜੇਸ਼ਨ’ ਵੱਲੋਂ ਵਿਦਿਆਰਥੀ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ
ਕੈਨੇਡਾ, 1 ਸਤੰਬਰ (ਦਲਜੀਤ ਕੌਰ/ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਨੌਰਥ ਬੇਅ ਦੇ ਕਾਲਜ ਕੈਨਾਡੋਰ ਅਤੇ ਨਿਪਸਿੰਗ ਯੂਨੀਵਰਸਿਟੀ ਵਿੱਚ ਪੜ੍ਹਨ ਆਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਿਹਾਇਸ਼ ਨਹੀਂ ਮਿਲ ਰਹੀ ਤੇ ਉਹਨਾਂ ਦੀ ਹਾਲਤ ਬੇਘਰਿਆਂ ਵਰਗੀ ਹੋਈ ਪਈ ਹੈ। ਅੱਜ ‘ਮੌਂਟਰੀਅਲ ਯੂਥ-ਸਟੂਡੈਂਟਸ ਆਰਗੇਨਾਈਜੇਸ਼ਨ’ ਦੇ ਆਗੂ ਖੁਸ਼ਪਾਲ ਗਰੇਵਾਲ, ਮਨਪ੍ਰੀਤ ਕੌਰ, ਹਰਿੰਦਰ ਮਹਿਰੋਕ, ਵਰੁਣ ਖੰਨਾ ਤੇ ਮਨਦੀਪ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਉੱਤੇ ਵਿਚਾਰ-ਚਰਚਾ ਕੀਤੀ। ਆਗੂਆਂ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਨੌਰਥ ਬੇਅ ਦੇ ਇੱਕ ਕਾਲਜ ਕੈਨਾਡੋਰ ਅਤੇ ਨਿਪਸਿੰਗ ਯੂਨੀਵਰਸਿਟੀ ਵਿੱਚ ਪੜ੍ਹਨ ਆਏ ਸੈਂਕੜੇ ਵਿਦਿਆਰਥੀਆਂ ਨੂੰ ਰਿਹਾਇਸ਼ੀ ਕਮਰੇ ਨਹੀਂ ਮਿਲ ਰਹੇ। ਸਮੱਸਿਆ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਵਿੱਚੋਂ ਦੋ ਸੌ ਦੇ ਕਰੀਬ ਵਿਦਿਆਰਥੀ, ਜੱਥੇਬੰਦੀ ਦੇ ਵਟਸਅੱਪ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਅਨੇਕਾਂ ਵਿਦਿਆਰਥੀ ਮਹਿੰਗੇ ਹੋਟਲਾਂ, ਮੋਟਲਾਂ ਅਤੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਰਹਿ ਰਹੇ ਹਨ। ਰਿਹਾਇਸ਼ ਦੀ ਘਾਟ ਕਾਰਨ ਕਈ ਵਿਦਿਆਰਥੀ ਸਰਗਰਮ ਹੋਏ ਆਨਲਾਇਨ ਜਾਲਸਾਜਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਕੇ ਸੈਂਕੜੇ ਡਾਲਰਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਜਿਆਦਾਤਰ ਵਿਦਿਆਰਥੀ ਭਾਰਤ ਤੋਂ ਹਨ।

ਵਿਦਿਆਰਥੀਆਂ ਨੇ ਦੱਸਿਆ ਕਿ ਕਾਲਜ ਅਤੇ ਯੂਨੀਵਰਸਿਟੀ ਨੇ ਰਿਹਾਇਸ਼ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ ਪਰ ਕੈਨੇਡਾ ਪਹੁੰਚਣ ਤੇ ਉਹਨਾਂ ਨੂੰ ਪਤਾ ਲੱਗਾ ਕਿ ਕਾਲਜ ਤੇ ਯੂਨੀਵਰਸਿਟੀ ਦੇ ਕਮਰੇ ਪਹਿਲਾਂ ਹੀ ਬੁੱਕ ਹੋ ਚੁੱਕੇ ਹਨ। ਵਾਰ-ਵਾਰ ਈਮੇਲ ਕਰਨ ਤੇ ਕਾਲਜ-ਯੂਨੀਵਰਸਿਟੀ ਕੋਈ ਠੋਸ ਜਵਾਬ ਨਹੀਂ ਦੇ ਰਹੇ ਤੇ ਵਿਦਿਆਰਥੀਆਂ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਗਿਆ ਹੈ। ਆਪਣੇ ਮਾਪਿਆਂ ਦੀ ਜਿੰਦਗੀ ਭਰ ਦੀ ਕਿਰਤ-ਕਮਾਈ ਵਿੱਚੋਂ ਲੱਖਾਂ ਰੁਪਏ ਖਰਚ ਕੇ ਕੈਨੇਡਾ ਪੜ੍ਹਨ ਆਏ ਵਿਦਿਆਰਥੀ ਕਸੂਤੀ ਹਾਲਤ ਵਿੱਚ ਫਸੇ ਹੋਏ ਹਨ। ਬਹੁਤੇ ਵਿਦਿਆਰਥੀ ਚਾਰ-ਚਾਰ, ਪੰਜ-ਪੰਜ ਸੌ ਕਿਲੋਮੀਟਰ ਦੂਰ ਸ਼ਹਿਰਾਂ ਵਿੱਚ ਰਹਿ ਰਹੇ ਹਨ। ਕੈਨੇਡਾ ਦੀ ਬਰਫੀਲੀ ਸਰਦ ਰੁੱਤ ਸ਼ੁਰੂ ਹੋਣ ਵਾਲੀ ਹੈ ਤੇ ਅਜਿਹੀ ਹਾਲਤ ਵਿੱਚ ਐਨੀ ਦੂਰ ਤੋਂ ਲੰਮਾ ਤੇ ਮਹਿੰਗਾ ਸਫਰ ਕਰਕੇ ਕਲਾਸਾਂ ਲਾਉਣੀਆਂ ਬੇਹੱਦ ਮੁਸ਼ਕਲ ਹੋ ਜਾਣਗੀਆਂ। ਕੈਨੇਡਾ ਦੀ ਆਰਥਿਕਤਾ ਪਹਿਲਾਂ ਹੀ ਕੱਛੂਕੁੰਮੇ ਦੀ ਚਾਲ ਚੱਲ ਰਹੀ ਹੈ ਅਤੇ ਨਵੇਂ ਪ੍ਰਵਾਸੀਆਂ ਤੇ ਵਿਦਿਆਰਥੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਮਹਿੰਗਾਈ ਦੇ ਦੌਰ ’ਚ ਮਹਿੰਗੀਆਂ ਫੀਸਾਂ, ਟੈਕਸੀ ਕਿਰਾਏ, ਗਰੌਸਰੀ ਤੇ ਮਹਿੰਗੇ ਰਿਹਾਇਸ਼ੀ ਮਕਾਨ ਵਿਦਿਆਰਥੀਆਂ ਦੇ ਕੈਨੇਡਾ ਦੇ ਸੁਪਨੇ ਨੂੰ ਘੁਣ ਵਾਂਗ ਖਾ ਰਿਹਾ ਹੈ।

ਆਗੂਆਂ ਨੇ ਦੱਸਿਆ ਕਿ 5 ਸਤੰਬਰ ਨੂੰ ਵਿਦਿਆਰਥੀਆਂ ਦੀਆਂ ਕਲਾਸ਼ਾਂ ਸ਼ੁਰੂ ਹੋਣ ਜਾ ਰਹੀਆਂ ਹਨ ਪਰੰਤੂ ਉਹਨਾਂ ਸਿਰ ਪੜ੍ਹਾਈ ਦੇ ਨਾਲ-ਨਾਲ ਰਿਹਾਇਸ਼, ਕੰਮ ਅਤੇ ਮਹਿੰਗੀ ਗਰੌਸਰੀ ਦਾ ਬੋਝ ਪਿਆ ਹੋਇਆ ਹੈ। ਉਪਰਾ ਦੇਸ਼, ਉਪਰੀ ਭਾਸ਼ਾ ਤੇ ਉੱਤੋਂ ਇਹ ਮੁਸੀਬਤਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਸਮਾਨ ਹੈ। ਮਾਇਸੋ ਦੇ ਆਗੂਆਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਕੈਨੇਡਾ ਦੀ ਆਰਥਿਕਤਾ ਵਿੱਚ ਵੱਡਾ ਯੋਗਦਾਨ ਅਤੇ ਉਹ ਭਵਿੱਖ ਦਾ ਸਰਮਾਇਆ ਹਨ। ਵਿਦਿਆਰਥੀਆਂ ਦੀ ਰਿਹਾਇਸ਼ ਦਾ ਪ੍ਰਬੰਧ ਕਰਨਾ ਜਿੱਥੇ ਕਾਲਜਾਂ-ਯੂਨੀਵਰਸਿਟੀਆਂ ਦੀ ਜਿੰਮੇਵਾਰੀ ਹੈ ਉੱਥੇ ਇਹਨਾਂ ਪ੍ਰਾਈਵੇਟ ਕਾਲਜਾਂ-ਯੂਨੀਵਰਸਿਟੀਆਂ ਨੂੰ ਮੋਟੇ ਮੁਨਾਫੇ ਕਮਾਉਣ ਦੀ ਖੁੱਲ੍ਹ ਦੇਣ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਰੈਗੂਲੇਟ ਕੀਤਾ ਜਾਵੇ। ਵਿਦਿਆਰਥੀਆਂ ਨੂੰ ਪ੍ਰਾਈਵੇਟ ਕਾਲਜਾਂ-ਯੂਨੀਵਰਸਿਟੀਆਂ ਦੇ ਰਹਿਮੋ-ਕਰਮ ਦੇ ਨਾ ਛੱਡਿਆ ਜਾਵੇ।
ਉਹਨਾਂ ਮੰਗ ਕੀਤੀ ਕਿ ਕੈਨੇਡੀਅਨ ਸਰਕਾਰ ਨੂੰ ਫੌਰੀ ਤੌਰ ਦੇ ਦਖਲ ਦੇ ਕੇ ਵਿਦਿਆਰਥੀਆਂ ਨੂੰ ਬਹੁਤ ਹੀ ਘੱਟ ਰੇਟਾਂ ਤੇ ਕਾਲਜ-ਯੂਨੀਵਰਸਿਟੀ ਕੈਂਪ ਦੇ ਅੰਦਰ ਜਾਂ ਨੇੜੇ ਰਿਹਾਇਸ਼ ਤੇ ਪਬਲਿਕ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾਵੇ। ਹਜ਼ਾਰਾਂ-ਲੱਖਾਂ ਡਾਲਰ ਜੇਬਾਂ ’ਚ ਪਾਕੇ ਉਹਨਾਂ ਨੂੰ ਸੜਕਾਂ ਉੱਤੇ ਰੁਲਣ ਲਈ ਨਾ ਛੱਡਿਆ ਜਾਵੇ।
ਉਹਨਾਂ ਕਿਹਾ ਕਿ ਕੈਨੇਡਾ ਵਿੱਚ ਪਹਿਲਾਂ ਹੀ ਦਾਖਲ ਹੋ ਚੁੱਕੇ ਅਤੇ ਭਵਿੱਖ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ; ਇਸ ਲਈ 5 ਸਤੰਬਰ ਦਿਨ ਮੰਗਲਵਾਰ ਨੂੰ ਨੌਰਥ ਬੇਅ ਕਾਲਜ ਵਿਖੇ ਦੁਪਹਿਰ 12 ਵਜੇ ਵਿਦਿਆਰਥੀਆਂ ਨਾਲ ਮੀਟਿੰਗ ਕਰਕੇ ਵਿਦਿਆਰਥੀ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ ਜਾਵੇਗਾ। ਉਹਨਾਂ ਸਮੂਹ ਇਨਸਾਫਪਸੰਦ ਲੋਕਾਂ ਅਤੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿੱਚ ਇਸ ਮੀਟਿੰਗ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ।

Leave a comment