#CANADA

ਕੈਨੇਡਾ ਵਿਖੇ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

ਬਟਾਲਾ, 9 ਜੁਲਾਈ (ਪੰਜਾਬ ਮੇਲ)- ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦੇ ਰਹਿਣ ਵਾਲੇ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਹੋਏ ਸੜਕ ਹਾਦਸੇ ‘ਚ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਮੁਤਾਬਕ ਜਤਿਨਦੀਪ ਸਿੰਘ ਪੁੱਤਰ ਕੁਲਦੀਪ ਜਾਫਲਪੁਰ ਵਾਸੀ ਕਾਹਨੂੰਵਾਨ, ਜੋਕਿ ਕੈਨੇਡਾ ਦੇ ਸ਼ਹਿਰ ਸਰੀ ਵਿਚ ਪਰਿਵਾਰ ਸਮੇਤ ਰਹਿੰਦਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਕੰਮ ‘ਤੇ ਗਿਆ ਸੀ ਅਤੇ ਜਦੋਂ ਇਹ ਆਪਣੀ ਗੱਡੀ ਰਾਹੀਂ ਕੰਮ ਤੋਂ ਘਰ ਨੂੰ ਵਾਪਸ ਆ ਰਿਹਾ ਸੀ ਕਿ ਅਚਾਨਕ ਸੜਕ ਹਾਦਸਾ ਵਾਪਰ ਗਿਆ, ਜਿਸ ਦੇ ਸਿੱਟੇ ਵਜੋਂ ਜਤਿਨਦੀਪ ਸਿੰਘ ਮੌਤ ਹੋ ਗਈ। ਇਥੇ ਇਹ ਦੱਸਣਾ ਬਣਦਾ ਹੈ ਕਿ ਮ੍ਰਿਤਕ ਦਾ ਪਿਤਾ ਵੀ ਇਨ੍ਹੀਂ ਦਿਨੀਂ ਕੈਨੇਡਾ ਵਿਚ ਹੀ ਹਨ।
ਨੌਜਵਾਨ ਜਤਿਨਦੀਪ ਸਿੰਘ ਦੀ ਹੋਈ ਮੌਤ ‘ਤੇ ਕੁਲਦੀਪ ਸਿੰਘ ਜਾਫਲਪੁਰ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਜਨਰਲ ਸਕੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਮੈਂਬਰ ਭਾਈ ਗਗਨਦੀਪ ਸਿੰਘ ਰਿਆੜ, ਡਾ. ਰਣਜੀਤ ਸਿੰਘ, ਅਮਨਦੀਪ ਸਿੰਘ ਰਿਆੜ, ਡਾ. ਗੁਰਨੇਕ ਸਿੰਘ, ਭੁਪਿੰਦਰ ਸਿੰਘ ਗਿੱਲ ਕਿਸਾਨ, ਇੰਟਰਨੈਸ਼ਨਲ ਹਿਊਮਨ ਰਾਈਟ ਡਿਫੈਂਡਰ ਪੰਜਾਬ ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਹਮਦਰਦੀ ਪ੍ਰਗਟ ਕੀਤੀ।