ਪ੍ਰਸਿੱਧ ਸ਼ਾਇਰ ਮੋਹਨ ਗਿੱਲ ਨੂੰ ਦਿੱਤਾ ਜਾਵੇਗਾ ਹਰਜੀਤ ਕੌਰ ਸਿੱਧੂ ਐਵਾਰਡ
ਸਰੀ, 31 ਮਾਰਚ (ਹਰਦਮ ਮਾਨ/ਪੰਜਾਬ ਮੇਲ)-ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂ.ਬੀ.ਸੀ.) ਦੇ ਏਸ਼ੀਅਨ ਸਟੱਡੀਜ਼ ਵਿਭਾਗ ਵਿਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ 30 ਸਾਲ ਪੂਰੇ ਹੋਣ ‘ਤੇ 6 ਅਪ੍ਰੈਲ ਨੂੰ ਸ਼ਾਮ 6 ਵਜੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਯਾਦਗਾਰੀ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ।
ਯੂਨੀਵਰਸਿਟੀ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰੋਗਰਾਮ ਇਕ ਸਮਰਪਿਤ ਪਤਨੀ, ਮਾਂ ਅਤੇ ਸਿੱਖਿਆ, ਪੰਜਾਬੀ ਸੱਭਿਆਚਾਰ, ਭਾਸ਼ਾ ਅਤੇ ਔਰਤਾਂ ਦੇ ਮੁੱਦਿਆਂ ਲਈ ਜ਼ੋਰਦਾਰ ਵਕਾਲਤ ਕਰਨ ਵਾਲੀ ਹਰਜੀਤ ਕੌਰ ਸਿੱਧੂ (ਨੀ ਗਿੱਲ) ਦੀ ਯਾਦ ਵਿਚ ਹਰ ਸਾਲ ਕਰਵਾਇਆ ਜਾਂਦਾ ਹੈ। ਇਸ ਪ੍ਰੋਗਰਾਮ ਦਾ ਟੀਚਾ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ‘ਤੇ ਮਹੱਤਵਪੂਰਨ ਨਵੀਂ ਸਕਾਲਰਸ਼ਿਪ ਵੱਲ ਧਿਆਨ ਦਿਵਾਉਣਾ ਅਤੇ ਇਸ ਨੂੰ ਵਿਦਿਆਰਥੀਆਂ ਅਤੇ ਵੈਨਕੂਵਰ ਖੇਤਰ ਦੇ ਵੱਡੀ ਗਿਣਤੀ ਵਿਚ ਦਰਸ਼ਕਾਂ ਤੱਕ ਪਹੁੰਚਾਉਣ ਦੇ ਨਾਲ ਨਾਲ ਪੰਜਾਬੀ ਭਾਸ਼ਾ ਦੇ ਸੱਭਿਆਚਾਰਕ ਉਤਪਾਦਨ ਵਿਚ ਹੋਈਆਂ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨਾ, ਪਛਾਣਨਾ ਅਤੇ ਪੰਜਾਬੀ ਭਾਸ਼ਾ ਸਿੱਖਣ ਅਤੇ ਵਰਤਣ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਕੰਮ ਲਈ ਸਨਮਾਨਿਤ ਕਰਨਾ ਹੈ।
ਇਸ ਪ੍ਰੋਗਰਾਮ ਵਿਚ ਸਰੀ ਦੇ ਪ੍ਰਸਿੱਧ ਸ਼ਾਇਰ ਅਤੇ ਬਹੁਪੱਖੀ ਲੇਖਕ ਮੋਹਨ ਗਿੱਲ ਨੂੰ ਉਨ੍ਹਾਂ ਵੱਲੋਂ ਪਾਏ ਸਾਹਿਤਕ ਯੋਗਦਾਨ ਲਈ ਹਰਜੀਤ ਕੌਰ ਸਿੱਧੂ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਪ੍ਰੋਗਰਾਮ ਦੇ ਮੁੱਖ ਬੁਲਾਰੇ ਵੀ ਮੋਹਨ ਗਿੱਲ ਹੋਣਗੇ। ਜ਼ਿਕਰਯੋਗ ਹੈ ਕਿ ਮੋਹਨ ਗਿੱਲ ਪੰਜਾਬੀ ਦੇ ਉੱਘੇ ਲੇਖਕ ਹਨ, ਜਿਨ੍ਹਾਂ ਨੇ ਸਾਹਿਤ ਜਗਤ ਵਿੱਚ ਆਪਣਾ ਇੱਕ ਨਿਵੇਕਲਾ ਨਾਮ ਬਣਾਇਆ ਹੈ। ਉਹਨਾਂ ਬਤੌਰ ਇੱਕ ਕਵੀ, ਵਿਅੰਗਕਾਰ, ਸੰਪਾਦਕ ਅਤੇ ਅਨੁਵਾਦਕ ਆਪਣੀਆਂ ਕਈ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ।