-ਵੋਟਰਾਂ ‘ਚ ਦਿਖਾਈ ਦਿੱਤੀ ਦੇਸ਼ ਭਗਤੀ ਦੀ ਭਾਵਨਾ
ਟੋਰਾਂਟੋ, 23 ਅਪ੍ਰੈਲ (ਬਲਜਿੰਦਰ ਸੇਖਾ/ਪੰਜਾਬ ਮੇਲ)- ਕੈਨੇਡਾ ‘ਚ 28 ਅਪ੍ਰੈਲ ਨੂੰ ਹੋ ਰਹੀਆਂ ਫੈਡਰਲ ਚੋਣਾਂ ‘ਚ ਕੈਨੇਡਾ ਦੇ ਵੋਟਰਾਂ ਵੱਲੋਂ ਰਿਕਾਰਡ ਤੋੜ ਐਡਵਾਂਸ ਪੋਲਿੰਗ ‘ਚ ਵੋਟਾਂ ਪਾਈਆਂ ਗਈਆਂ। ਇਸ ਵਾਰ ਨੌਜਵਾਨ ਵਰਗ ਵਲੋਂ ਭਾਰੀ ਗਿਣਤੀ ‘ਚ ਉਤਸ਼ਾਹ ਨਾਲ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਵਾਰ ਪਤਾ ਨਹੀਂ ਬਦਲਾਅ ਲਈ ਵੋਟਰਾਂ ਵੱਲੋਂ ਦਿਲਚਸਪੀ ਦਿਖਾਈ ਜਾ ਰਹੀ ਹੈ ਜਾਂ ਰਾਸ਼ਟਰਪਤੀ ਟਰੰਪ ਵੱਲੋਂ ਕੈਨੇਡਾ ਨੂੰ 51ਵੇਂ ਸੂਬੇ ਵਜੋਂ ਕੈਨੇਡਾ ਨੂੰ ਅਮਰੀਕਾ ‘ਚ ਸ਼ਾਮਲ ਕਰਨ ਦੇ ਵਿਰੋਧ ‘ਚ ਕੈਨੇਡੀਅਨ ਵੋਟਰਾਂ ਵੱਲੋਂ ਕੈਨੇਡਾ ਪ੍ਰਤੀ ਦੇਸ਼ ਭਗਤੀ ਦੀ ਭਾਵਨਾ ਦਿਖਾਈ ਜਾ ਰਹੀ ਹੈ। ਇਸ ਟਾਈਮ ਕੈਨੇਡਾ ਦੇ ਚੋਣ ਸਰਵੇ ਪ੍ਰਧਾਨ ਮੰਤਰੀ ਮਾਰਕ ਕਾਰਨੇ ਦੀ ਅਗਵਾਈ ‘ਚ ਸਰਕਾਰ ਬਣਾਉਣ ਲਈ ਆ ਰਹੇ ਹਨ। ਪਰ ਕੈਨੇਡਾ ਭਰ ਤੋਂ ਵੱਖ-ਵੱਖ ਸੂਬਿਆਂ ਤੋਂ ਮਿਲੀਆਂ ਰਿਪੋਰਟਾਂ ਮੁਤਾਬਕ ਲੋਕ ਬਦਲਾਅ ਵੱਲ ਵੀ ਜਾ ਸਕਦੇ ਹਨ
ਚੋਣਾਂ ਦੇ ਆਖਰੀ ਹਫ਼ਤੇ ਸਾਰੀਆਂ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। 28 ਤਰੀਕ ਨੂੰ ਸਵੇਰ ਨੌਂ ਵਜੇ ਤੋਂ ਸ਼ਾਮ ਨੌਂ ਵਜੇ ਤੱਕ ਟੋਰਾਂਟੋ ਸਮੇਂ ਅਨੁਸਾਰ ਵੋਟਾਂ ਪੈਣਗੀਆਂ। ਪਹਿਲਾਂ ਵੋਟਾਂ ਖਤਮ ਹੋਣ ਦੇ ਮੁੱਢਲੇ ਘੰਟਿਆਂ ‘ਚ ਹੀ ਸਰਕਾਰ ਬਣਨ ਦਾ ਪਤਾ ਲੱਗ ਜਾਂਦਾ ਸੀ ਪਰ ਜੇ ਇਸ ਵਾਰ ਜ਼ਿਆਦਾ ਪੋਲਿੰਗ ਹੋਈ ਤਾਂ ਨਤੀਜੇ ਰਾਤ ਦੇਰ ਨਾਲ ਪਤਾ ਲੱਗਣਗੇ । ਇਸ ਵਾਰ ਟਰੰਪ ਟੈਰਿਫ ਕਾਰਨ ਵੋਟਰਾਂ ਦੀ ਨਿਗਾਹ ਚੋਣ ਨਤੀਜਿਆਂ ਵੱਲ ਹੈ ਕਿਉਂਕਿ ਕੈਨੇਡਾ ਦੇ ਨਾਗਰਿਕਾਂ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਦੀ ਯੋਗਤਾ ਅਨੁਸਾਰ ਕੰਮ ਨਹੀਂ ਮਿਲ ਰਿਹਾ। ਜ਼ਿਆਦਾਤਰ ਕੈਨੇਡੀਅਨ ਵੋਟਰ ਇਸ ਗੱਲੋਂ ਨਾਰਾਜ਼ ਹਨ ਕਿ ਵਿਜ਼ਿਟਰ ਆਏ ਲੋਕ ਸਸਤੇ ‘ਚ ਕੰਮ ਕਰਕੇ ਕੈਨੇਡਾ ਦੇ ਨਾਗਰਿਕਾਂ ਦਾ ਹੱਕ ਮਾਰ ਰਹੇ ਹਨ। ਟੈਰਿਫ, ਬੇਰੁਜ਼ਗਾਰੀ, ਮਹਿੰਗਾਈ, ਕਰਾਇਮ, ਚੋਰੀਆਂ, ਨਸ਼ੇ, ਅੰਨ੍ਹੇਵਾਹ ਕੀਤੀ ਇੰਮੀਗ੍ਰੇਸ਼ਨ, ਹੈਲਥ ਸਿਸਟਮ ਕੈਨੇਡਾ ਦੇ ਲੋਕਾਂ ਦੇ ਇਸ ਚੋਣਾਂ ‘ਚ ਵੱਡੇ ਮੁੱਦੇ ਹਨ।
ਕੈਨੇਡਾ ਫੈਡਰਲ ਚੋਣਾਂ ਲਈ ਹੋਈ ਰਿਕਾਰਡ ਤੋੜ ਐਡਵਾਂਸ ਪੋਲਿੰਗ
