#CANADA

ਕੈਨੇਡਾ ਨੇ ਨਵੇਂ ਐਕਸਪ੍ਰੈੱਸ ਐਂਟਰੀ ਸਿਸਟਮ ਰਾਹੀਂ ਤਜ਼ਰਬੇਕਾਰ ਲੋਕਾਂ ਲਈ ਖੋਲ੍ਹਿਆ ਰਾਹ

ਟੋਰਾਂਟੋ, 2 ਅਗਸਤ (ਪੰਜਾਬ ਮੇਲ)- ਖਾਸ ਕਿਸਮ ਦੇ ਕੰਮਾਕਾਰਾਂ ਦਾ ਤਜ਼ਰਬਾ ਰੱਖਣ ਵਾਲੇ ਲੋਕਾਂ ਨੂੰ ਕੈਨੇਡਾ ਦੇ ਨਵੇਂ ਐਕਸਪ੍ਰੈੱਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ।
ਇੱਕ ਬਿਆਨ ‘ਚ ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਲਾਨ ਕੀਤਾ ਕਿ ਉਨ੍ਹਾਂ ਵੱਲੋਂ ਕਾਰਪੈਂਟਰੀ, ਪਲੰਬਿੰਗ ਤੇ ਵੈਲਡਿੰਗ ‘ਚ ਮੁਹਾਰਤ ਰੱਖਣ ਵਾਲੇ ਹੁਨਰਮੰਦ ਵਰਕਰਜ਼ ਲਈ ਇਮੀਗ੍ਰੇਸ਼ਨ ਦੇ ਰਾਹ ਖੋਲ੍ਹੇ ਜਾ ਰਹੇ ਹਨ। ਮਈ ਵਿਚ ਐਲਾਨੇ ਗਏ ਨਵੇਂ ਐਕਸਪ੍ਰੈੱਸ ਐਂਟਰੀ ਪ੍ਰੋਗਰਾਮ ਵਿਚ ਇਸ ਤੀਜੀ ਵੰਨਗੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਕੈਨੇਡਾ ਨੂੰ ਲੇਬਰ ਸਬੰਧੀ ਖਾਸ ਲੋੜਾਂ ਪੂਰੀਆਂ ਕਰਨ ਦੀ ਖੁੱਲ੍ਹ ਮਿਲੇਗੀ। ਇੱਥੇ ਦੱਸਣਾ ਬਣਦਾ ਹੈ ਕਿ ਇੱਥੇ ਇਨ੍ਹਾਂ ਸੈਕਟਰਜ਼ ਵਿਚ ਕਈ ਕਿਸਮ ਦੀ ਲੇਬਰ ਸਬੰਧੀ ਘਾਟ ਪਾਈ ਜਾ ਰਹੀ ਹੈ।
ਇੱਕ ਪ੍ਰੈੱਸ ਰਿਲੀਜ਼ ‘ਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਹੁਨਰਮੰਦ ਟਰੇਡਜ਼ ਵਰਕਰਜ਼ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਐਕਸਪ੍ਰੈੱਸ ਐਂਟਰੀ ਸਿਸਟਮ ਤੋਂ ਪਹਿਲਾਂ ਉਮੀਦਵਾਰਾਂ ਨੂੰ ਉਮਰ, ਮੈਰੀਟਲ ਸਟੇਟਸ, ਸਿੱਖਿਆ ਦੇ ਪੱਧਰ ਤੇ ਤਜਰਬੇ ਦੇ ਬਾਵਜੂਦ ਕਈ ਹੋਰਨਾਂ ਮਾਪਦੰਡਾਂ ਦੇ ਹਿਸਾਬ ਨਾਲ ਅੰਕ ਦਿੱਤੇ ਜਾਂਦੇ ਸਨ। ਇਸ ਪ੍ਰੋਗਰਾਮ ਰਾਹੀਂ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ ਤੇ ਮੈਥੇਮੈਟਿਕਸ (ਸਟੈੱਮ) ‘ਚ ਮੁਹਾਰਤ ਰੱਖਣ ਵਾਲਿਆਂ ਨੂੰ ਵੀ ਅਪਲਾਈ ਕਰਨ ਦਾ ਸੱਦਾ ਦਿੱਤਾ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਤਹਿਤ ਹੋਰ ਵੰਨਗੀਆਂ ਸਬੰਧੀ ਐਲਾਨ ਆਉਣ ਵਾਲੇ ਹਫਤਿਆਂ ਵਿਚ ਕੀਤਾ ਜਾਵੇਗਾ।

Leave a comment