#CANADA

ਕੈਨੇਡਾ ਦੇ 25 ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ‘ਚ ਗੋਲਡੀ ਬਰਾੜ

ਟੋਰਾਂਟੋ, 3 ਮਈ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਸਤਿੰਦਰ ਸਿੰਘ ਬਰਾੜ ਉਰਫ਼ ਗੋਲਡੀ ਬਰਾੜ, ਜੋ ਕਿ ਉੱਘੇ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਮੁੱਖ ਸਾਜਿਸ਼ਘਾੜਾ ਹੈ, ਦਾ ਨਾਂਅ ਦੇਸ਼ ਦੇ ਸਭ ਤੋਂ ਖ਼ਤਰਨਾਕ ਲੋੜੀਂਦੇ 25 ਗੈਂਗਸਟਰਾਂ ਦੀ ਸੂਚੀ ‘ਚ ਸ਼ਾਮਲ ਕਰ ਦਿੱਤਾ ਹੈ। ‘ਬੋਲੋ (ਬੀ ਆਨ ਦ ਲੁਕਆਊਟ) ਪ੍ਰੋਗਰਾਮ’ ਦੀ ਸੂਚੀ ਅਨੁਸਾਰ ਗੋਲਡੀ ਬਰਾੜ ਹੱਤਿਆ ਦੇ ਮਾਮਲੇ ‘ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੂੰ ਲੋੜੀਂਦਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਲਾਰੈਂਸ ਬਿਸ਼ਨੋਈ ਗੈਂਗਸਟਰ ਗਿਰੋਹ ਦਾ ਮੈਂਬਰ ਗੈਂਗਸਟਰ ਗੋਲਡੀ ਬਰਾੜ ਮੂਸੇਵਾਲਾ ਦੀ ਹੱਤਿਆ ਦਾ ਮੁੱਖ ਸਾਜਿਸ਼ਘਾੜਾ ਹੈ। ਟੋਰਾਂਟੋ ਦੇ ਯੰਗ-ਡੂੰਡਾਸ ਸਕਵਾਇਰ ‘ਤੇ ਸਾਰੇ 25 ਭਗੌੜਿਆਂ ਦੇ ਵੱਡੇ-ਵੱਡੇ ਕੱਟਆਊਟ ਲਾਏ ਗਏ ਹਨ। ਹਾਲਾਂਕਿ ਸੂਚੀ ‘ਚ 15ਵੇਂ ਨੰਬਰ ‘ਤੇ ਆਉਣ ਵਾਲੇ ਗੋਲਡੀ ਬਰਾੜ ‘ਤੇ ਕਿਸੇ ਇਨਾਮ ਦਾ ਐਲਾਨ ਨਹੀਂ ਕੀਤਾ ਗਿਆ ਹੈ। ਵਰਨਣਯੋਗ ਹੈ ਕਿ ਗੋਲਡੀ ਬਰਾੜ (29) 2017 ‘ਚ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਪੁੱਜਾ ਸੀ। ਉਸ ਨੇ ਉੱਘੇ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਜਿਸ ਦੀ 29 ਮਈ, 2022 ‘ਚ ਪੰਜਾਬ ਦੇ ਮਾਨਸਾ ਜ਼ਿਲ੍ਹੇ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਦੋਂ ਤੋਂ ਹੀ ਗੋਲਡੀ ਬਰਾੜ ਫ਼ਰਾਰ ਹੈ। ਨਵੀਂ ਦਿੱਲੀ ‘ਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਇਕ ਬਿਆਨ ‘ਚ ਕਿਹਾ ਕਿ ਗੋਲਡੀ ਬਰਾੜ ‘ਤੇ ਭਾਰਤ ‘ਚ ਲੱਗਣ ਵਾਲੇ ਦੋਸ਼ਾਂ ਦੇ ਮਾਮਲੇ ‘ਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੀ ਜਾਂਚ ਦੇ ਘੇਰੇ ਵਿਚ ਹੈ। ਬਿਆਨ ਅਨੁਸਾਰ ਭਾਰਤ ‘ਚ ਕੀਤੇ ਗਏ ਅਪਰਾਧ ਬਹੁਤ ਹੀ ਗੰਭੀਰ ਹਨ ਅਤੇ ਕੈਨੇਡਾ ਪੁਲਿਸ ਇਨ੍ਹਾਂ ਅਪਰਾਧਾਂ ਦਾ ਨੋਟਿਸ ਲਵੇਗੀ। ਬਿਆਨ ਅਨੁਸਾਰ ਸਮਝਿਆ ਜਾਂਦਾ ਹੈ ਕਿ ਬਰਾੜ ਕੈਨੇਡਾ ‘ਚ ਹੈ ਅਤੇ ਉਹ ਰਾਸ਼ਟਰੀ ਸੁਰੱਖਿਆ ਲਈ ਬਹੁਤ ਖ਼ਤਰਨਾਕ ਹੈ। ਉਸ ਖ਼ਿਲਾਫ਼ ਇਸ ਸਮੇਂ ਜਾਂਚ ਚਲ ਰਹੀ ਹੈ ਪਰ ਕੈਨੇਡਾ ‘ਚ ਉਸ ‘ਤੇ ਕੋਈ ਅਪਰਾਧਿਕ ਕੇਸ ਦਰਜ ਨਹੀਂ ਹੈ। ਇੰਟਰਪੋਲ ਅਨੁਸਾਰ ਗੋਲਡੀ ਬਰਾੜ ‘ਤੇ ਭਾਰਤ ‘ਚ ਹੱਤਿਆ, ਅਪਰਾਧਿਕ ਸਾਜਿਸ਼ ਅਤੇ ਨਾਜਾਇਜ਼ ਹਥਿਆਰਾਂ ਦੀ ਸਪਲਾਈ ਦੇ ਦੋਸ਼ ਹਨ। ਪੰਜਾਬ ਦੇ ਮੁਕਤਸਰ ਸ਼ਹਿਰ ‘ਚ ਰਹਿਣ ਵਾਲੇ ਬਰਾੜ ਖ਼ਿਲਾਫ਼ ਇਕ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ। ਪੰਜਾਬ ਪੁਲਿਸ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

Leave a comment