#CANADA

ਕੈਨੇਡਾ ਦੇ ਬਰੈਂਪਟਨ ਤੇ ਮਿਸੀਸਾਗਾ ‘ਚ ਪਟਾਕਿਆਂ ਦੀ ਵਿਕਰੀ ‘ਤੇ ਪਾਬੰਦੀ!

-ਭਾਰਤੀਆਂ ਵੱਲੋਂ ਨਾਰਾਜ਼ਗੀ ਜ਼ਾਹਿਰ
ਬਰੈਂਪਟਨ, 14 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ 2 ਵੱਡੇ ਸ਼ਹਿਰਾਂ ‘ਚ ਪਟਾਕਿਆਂ ਦੀ ਵਿਕਰੀ ‘ਤੇ ਪਾਬੰਦੀ ਨੂੰ ਲੈ ਕੇ ਭਾਰਤੀਆਂ ਨੇ ਨਾਰਾਜ਼ਗੀ ਜਤਾਈ ਹੈ। ਕੈਨੇਡਾ ‘ਚ ਬਰੈਂਪਟਨ ਤੋਂ ਬਾਅਦ ਹਿੰਦੂ ਬਹੁਗਿਣਤੀ ਵਾਲੇ ਸ਼ਹਿਰ ਮਿਸੀਸਾਗਾ ‘ਚ ਪਟਾਕਿਆਂ ਦੀ ਵਿਕਰੀ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਦੋਵੇਂ ਗ੍ਰੇਟਰ ਟੋਰਾਂਟੋ ਖੇਤਰ ਦੇ 10 ਸਭ ਤੋਂ ਵੱਡੇ ਸ਼ਹਿਰਾਂ ਵਿਚ ਹਨ। ਇੱਥੋਂ ਦੇ ਕਈ ਹੋਰ ਸ਼ਹਿਰ ਵੀ ਇਸੇ ਤਰ੍ਹਾਂ ਦੇ ਨਿਯਮ ਬਣਾਉਣ ਦੀ ਤਿਆਰੀ ਕਰ ਰਹੇ ਹਨ। ਓਨਟਾਰੀਓ ਸੂਬੇ ਦਾ ਮਿਸੀਸਾਗਾ ਸ਼ਹਿਰ, ਕੈਨੇਡਾ ਦਾ 7ਵਾਂ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ।
ਇਸ ਦੀ 7 ਲੱਖ ਦੀ ਆਬਾਦੀ ਵਿਚ 70 ਹਜ਼ਾਰ ਭਾਰਤੀ ਹਨ। ਮਿਸੀਸਾਗਾ ਸਿਟੀ ਕੌਂਸਲ ਨੇ ਅਧਿਕਾਰੀਆਂ ਨੂੰ ਪਟਾਕਿਆਂ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਨਿਯਮ ਬਣਾਉਣ ਲਈ ਕਿਹਾ ਹੈ। ਇਸ ਦਾ ਕਾਰਨ ਮਿਸੀਸਾਗਾ ‘ਚ ਪਿਛਲੇ ਸਾਲ ਦੀਵਾਲੀ ‘ਤੇ ਪਟਾਕੇ ਚਲਾਉਣ ਨੂੰ ਲੈ ਕੇ ਹੋਇਆ ਵਿਵਾਦ ਸੀ। ਪਿਛਲੇ ਸਾਲ, ਬਰੈਂਪਟਨ ਨੂੰ ਦੇਰ ਰਾਤ ਪਟਾਕੇ ਚਲਾਉਣ ਦੀਆਂ ਲਗਭਗ 1,500 ਸ਼ਿਕਾਇਤਾਂ ਮਿਲੀਆਂ ਸਨ। ਹਾਲਾਂਕਿ ਬਰੈਂਪਟਨ ਸਿਟੀ ਨੇ ਦੀਵਾਲੀ ਮੌਕੇ ਪਟਾਕਿਆਂ ਦੀ ਪ੍ਰਦਰਸ਼ਨੀ ਦਾ ਐਲਾਨ ਵੀ ਕੀਤਾ ਹੈ। ਕੈਨੇਡਾ ਵਿਚ, ਜ਼ਿਆਦਾਤਰ ਦੀਵਾਲੀ, ਕੈਨੇਡਾ ਡੇਅ ‘ਤੇ ਆਤਿਸ਼ਬਾਜ਼ੀ ਹੁੰਦੀ ਹੈ। ਪਟਾਕਿਆਂ ‘ਤੇ ਪਾਬੰਦੀ ਤੋਂ ਹਿੰਦੂ ਭਾਈਚਾਰਾ ਨਾਰਾਜ਼ ਹੈ। ਕੁਝ ਲੋਕ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਆਤਿਸ਼ਬਾਜ਼ੀ ਦੀ ਵਰਤੋਂ ਵੀ ਕਰਦੇ ਹਨ।
ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਮਿਸੀਸਾਗਾ ਸਿਟੀ ਕੌਂਸਲ ਵਿਚ ਪਟਾਕਿਆਂ ‘ਤੇ ਪਾਬੰਦੀ ਦੇ ਪ੍ਰਸਤਾਵ ਦੇ ਖ਼ਿਲਾਫ਼ ਵੋਟ ਪਾਉਣ ਵਾਲੀ ਭਾਰਤੀ ਮੂਲ ਦੀ ਕੌਂਸਲਰ ਦੀਪਿਕਾ ਡੇਮੇਰਲਾ ਨੇ ਕਿਹਾ ਕਿ ਪਟਾਕੇ ਦੀਵਾਲੀ ਦਾ ਅਨਿੱਖੜਵਾਂ ਅੰਗ ਹਨ ਅਤੇ ਇਸ ਤੋਂ ਬਿਨਾਂ ਤਿਉਹਾਰ ਅਧੂਰਾ ਹੈ। ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਆਤਿਸ਼ਬਾਜ਼ੀ ਹਿੰਦੂਆਂ ਦੇ ਸੱਭਿਆਚਾਰ ਨਾਲ ਜੁੜਿਆ ਇੱਕ ਸੰਵੇਦਨਸ਼ੀਲ ਮਾਮਲਾ ਹੈ। ਕੁਝ ਲੋਕ ਸਵੇਰੇ 3-4 ਵਜੇ ਤੱਕ ਪਟਾਕੇ ਚਲਾਉਂਦੇ ਹਨ, ਜੋ ਗਲਤ ਹੈ। ਉਨ੍ਹਾਂ ਨੂੰ ਲਾਇਸੈਂਸ ਫੀਸ ਵਧਾਉਣ ਸਬੰਧੀ ਰਿਪੋਰਟ ਤਿਆਰ ਕਰਨ ਲਈ ਕਿਹਾ ਗਿਆ ਹੈ। ਆਰਜ਼ੀ ਦੁਕਾਨਾਂ ‘ਤੇ ਪਾਬੰਦੀ ਲਗਾਉਣ ਅਤੇ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਕਿਸੇ ਵੀ ਦੁਕਾਨ ‘ਤੇ 15% ਤੋਂ ਵੱਧ ਪਟਾਕੇ ਨਾ ਹੋਣ। ਪਟਾਕੇ ਚਲਾਉਣ ‘ਤੇ 38,000 ਡਾਲਰ ਦੇ ਭਾਰੀ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਕਿਸੇ ਦੁਕਾਨ ‘ਤੇ ਵਿਕਰੀ ਦੀ ਸੀਮਾ ਤੈਅ ਕਰਨ ਨਾਲ ਕਾਰੋਬਾਰ ਹੀ ਨਹੀਂ ਬਚੇਗਾ।

Leave a comment