#AMERICA

ਕੈਨੇਡਾ ਦੇ ਜੰਗਲਾਂ ਵਿੱਚ ਲੱਗੀ ਅੱਗ ਦਾ ਅਮਰੀਕਾ ਵਿਚ ਵੱਡੀ ਪੱਧਰ ਉਪਰ ਅਸਰ

* ਸ਼ਿਕਾਗੋ ਤੇ ਡੈਟਰਾਇਟ ਖੇਤਰ ਸਭ ਤੋਂ ਵਧ ਪ੍ਰਭਵਿਤ
* ਲੋਕਾਂ ਨੂੰ ਅੰਦਰਾਂ ਵਿਚ ਰਹਿਣ ਦੀ ਸਲਾਹ
ਸੈਕਰਾਮੈਂਟੋ, 29 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਨੇਡਾ ਦੇ ਜੰਗਲਾਂ ਨੂੰ ਲੱਗੀ ਅੱਗ ਦਾ ਕੈਨੇਡਾ ਵਾਸੀਆਂ ਨੂੰ ਸੇਕ ਤਾਂ ਲੱਗ ਹੀ ਰਿਹਾ ਹੈ ਪਰ ਇਸ ਦੇ ਨਾਲ ਹੀ ਗਵਾਂਢੀ ਮੁਲਕ ਅਮਰੀਕਾ ਵੀ ਇਸ ਦੇ ਅਸਰ ਤੋਂ ਬਚ ਨਹੀਂ ਸਕਿਆ। ਅਮਰੀਕਾ ਦੇ ਕਈ ਹਿੱਸਿਆਂ ਵਿਚ ਸਿਹਤ ਲਈ ਹਾਨੀਕਾਰਕ ਵਾਤਾਵਰਣ ਪੈਦਾ ਹੋ ਗਿਆ ਹੈ। ਨੈਸ਼ਨਲ ਵੈਦਰ ਸਰਵਿਸਜ ਅਨੁਸਾਰ ਲੋਵਾ, ਵਿਸਕਾਨਸਿਨ, ਇਲੀਨੋਇਸ, ਇੰਡਿਆਨਾ, ਮਿਸ਼ੀਗਨ, ਡੇਲਾਵੇਅਰ ਤੇ ਮੈਰੀਲੈਂਡ ਵਿਚ ਹਵਾ ਦੀ ਗੁਣਵਤਾ ਨੂੰ ਲੈ ਕੇ ਚਿਤਾਵਨੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੰਸਾਸ, ਮਿਸੌਰੀ, ਮਿਨੀਸੋਟਾ,ਓਹੀਓ, ਪੈਨਸਿਲਵਾਨੀਆ, ਨਿਊਯਾਰਕ ਤੇ ਵਰਜੀਨੀਆ ਦੇ ਕੁਝ ਹਿੱਸਿਆਂ ਵਿਚ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਇਨਾਂ ਖੇਤਰਾਂ ਵਿਚਲੇ ਵਾਸੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਏਅਰ ਕੰਡੀਸ਼ਨ ਅੰਦਰਾਂ ਵਿਚ ਹੀ ਰਹਿਣ ਤੇ ਬਾਹਰ ਜਾਣ ਸਮੇ ਐਨ 95 ਮਾਸਕ ਪਾਉਣ।
ਬਾਰਿਸ਼ ਨਾ ਪੈਣ ਕਾਰਨ ਕੈਨੇਡਾ ਵਿਚ ਸੈਂਕੜੇ ਥਾਵਾਂ ‘ਤੇ ਲੱਗੀ ਅੱਗ ਬੁਝਣ ਦਾ ਨਾਂ ਨਹੀਂ ਲੈ ਰਹੀ ਤੇ ਹੋਰ ਅੱਗੇ ਫੈਲਦੀ ਜਾ ਰਹੀ ਹੈ। ਕੈਨੇਡੀਅਨ ਇੰਟਰਏਜੰਸੀ ਫਾਰੈਸਟ ਫਾਇਰ ਸੈਂਟਰ ਅਨੁਸਾਰ 200 ਥਾਵਾਂ ‘ਤੇ ਲੱਗੀ ਅੱਗ ਨਿਯੰਤਰਣ ਤੋਂ ਬਾਹਰ ਹੋ ਗਈ ਹੈ। ਅੱਗ ਕਾਰਨ ਅਮਰੀਕਾ ਦੇ ਪੂਰਬੀ ਤੱਟ ਉਪਰ ਬਦਲ ਸੰਤਰੀ ਰੰਗ ਦੇ ਹੋ ਗਏ ਹਨ ਤੇ ਹਵਾ ਦੀ ਗੁਣਵਤਾ ਖਰਾਬ ਹੋ ਗਈ ਹੈ। ਖਾਸ ਕਰਕੇ ਮੱਧਪੱਛਮੀ ਖੇਤਰ ਦੇ ਕੁਝ ਹਿੱਸੇ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਸ਼ਿਕਾਗੋ (ਇਲੀਨੋਇਸ) ਤੇ ਡੈਟਰਾਇਟ (ਮਿਸ਼ੀਗਨ) ਖੇਤਰ ਵਿਚ ਹਵਾ ਦੀ ਗੁਣਵਤਾ ਵਿਸ਼ਵ ਭਰ ਵਿਚ ਸਭ ਤੋਂ ਖਰਾਬ ਹੋ ਗਈ ਹੈ। ਸ਼ਿਕਾਗੋ ਦੇ ਅਸਮਾਨ ਵਿਚ ਗਾੜਾ ਧੂੰਆਂ ਫੈਲ ਗਿਆ ਹੈ ਤੇ ਲੋਕਾਂ ਨੂੰ ਸੜਾਂਦ ਮਾਰਦੀ ਹਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੈਕਰ AirNow.gov ਅਨੁਸਾਰ ਵਿਸਕਾਸਿਨ ਦੇ ਜਿਆਦਾਤਰ ਹਿੱਸੇ, ਮਿਸ਼ੀਗਨ, ਇਲੀਨੋਇਸ, ਇੰਡਿਆਨਾ ਤੇ ਓਹੀਓ ਸਮੇਤ ਸ਼ਿਕਾਗੋ ਦੇ ਆਸ ਪਾਸ ਗਰੇਟ ਲੇਕਸ ਖੇਤਰ ਵਿਚ ਫੈਲੇ ਧੂੰਏਂ ਕਾਰਨ ਸਿਹਤ ਲਈ ਹਾਨੀਕਾਰਕ ਵਾਤਾਵਰਣ ਪੈਦਾ ਹੋ ਗਿਆ ਹੈ। ਇਸੇ ਦੌਰਾਨ ਧੂੰਏਂ ਵਾਲੀਆਂ ਹਵਾਵਾਂ ਨਿਊ ਯਾਰਕ ਵੱਲ ਵਗਣੀਆਂ ਸ਼ੁਰੂ ਹੋ ਗਈਆਂ ਹਨ ਤੇ ਪੱਛਮੀ ਅਤੇ ਕੇਂਦਰੀ ਨਿਊਯਾਰਕ ਦੇ ਹਿੱਸਿਆਂ ਵਿਚ ਹਵਾ ਦੀ ਗੁਣਵਤਾ ਖਰਾਬ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ ਜਿਸ ਕਾਰਨ ਸਿਹਤ ਉਪਰ ਬੁਰਾ ਪ੍ਰਭਾਵ ਪੈ ਸਕਦਾ ਹੈ। ਚਿਤਾਵਨੀ ਵਿਚ ਕਿਹਾ ਗਿਆ ਹੈ ਕਿ ਪੈਦਾ ਹੋਏ ਹਾਲਾਤ ਦੇ ਮੱਦੇਨਜਰ ਛੋਟੇ ਬੱਚਿਆਂ, ਬਜ਼ੁਰਗਾਂ ਜਾਂ ਜਿਨਾਂ ਲੋਕਾਂ ਨੂੰ ਦਿੱਲ ਜਾਂ ਫੇਫੜਿਆਂ ਦੀ ਬਿਮਾਰੀ ਹੈ,ਨੂੰ ਅੰਦਰ ਹੀ ਰਹਿਣਾ ਚਾਹੀਦਾ ਹੈ ਤੇ ਬਾਹਰ ਨਿਕਲਣ ਤੋਂ ਬਚਣਾ ਚਾਹੀਦਾ ਹੈ।
ਕੈਪਸ਼ਨ ਕੈਨੇਡਾ ਵਿਚ ਲੱਗੀ ਅੱਗ ਕਾਰਨ ਮਿਸ਼ੀਗਨ ਦੇ ਅਸਮਾਨ ਵਿਚ ਫੈਲਿਆ ਸੰਘਣਾ ਧੂੰਆਂ

Leave a comment