#CANADA

ਕੈਨੇਡਾ ਦੇ ਗੁਰੂਘਰਾਂ ‘ਚ ਵਿਸਾਖੀ ਖਾਲਸਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਇਆ ਗਿਆ

ਕੈਨੇਡਾ, 15 ਅਪ੍ਰੈਲ (ਸੁਰਜੀਤ ਸਿੰਘ ਫਲੋਰਾ/ਪੰਜਾਬ ਮੇਲ)- ਖ਼ਾਲਸਾ ਪੰਥ ਦੇ ਸਾਜਨਾ ਦਿਵਸ ‘ਤੇ ਵਿਸਾਖੀ ਪੁਰਬ ਕੈਨੇਡਾ ਭਰ ‘ਚ ਸੰਗਤ ਵਲੋਂ ਸ਼ਰਧਾ ਨਾਲ ਮਨਾਇਆ ਗਿਆ। ਇਸ ਦਿਹਾੜੇ ‘ਤੇ ਗੁਰਦੁਆਰਾ ਨਾਨਕਸਰ ਬਰੈਂਪਟਨ, ਓਨਟਾਰੀਓ ਖਾਲਸਾ ਦਰਬਾਰ, ਡਿਕਸੀ ਗੁਰੂਘਰ, ਨਾਨਕਸਰ ਸਿੱਖ ਸੈਂਟਰ ਤੇ ਹੋਰ ਵੈਨਕੂਵਰ ਵਿਖੇ ਸ਼ਾਮੀ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਰਾਗੀ ਜੱਥਿਆਂ ਵਲੋਂ ਸ਼ਬਦ ਕੀਰਤਨ, ਕਥਾ ਅਤੇ ਕਵੀ ਸੱਜਣਾਂ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ‘ਤੇ ਕਵਿਤਾ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਉਪਰੰਤ ਅਰਦਾਸ ਗੁਰੂਘਰ ਦੇ ਹੈੱਡ ਗ੍ਰੰਥੀ ਵਲੋਂ ਕੀਤੀ ਗਈ।

ਓਨਟਾਰੀਓ ਸਰਕਾਰ ਦੇ ਖਜ਼ਾਨਾ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆਂ

ਇਸ ਉਪਰੰਤ ਭਾਈ ਸੇਵਾ ਸਿੰਘ ਜੀ ਵਲੋਂ ਵਿਸਾਖ ਮਹੀਨੇ ਦੇ ਹੁਕਮਨਾਮੇ ਦਾ ਮਹੱਤਵ ਦੱਸਦੇ ਹੋਏ ਸਮੂਹ ਸੰਗਤ ਨੂੰ ਖ਼ਾਲਸਾ ਪੰਥ ਦੇ ਸਿਰਜਣਾ ਦਿਵਸ ਦੀ ਵਧਾਈ ਦਿੱਤੀ ਤੇ ਗੁਰੂ ਘਰ ਪਹੁੰਚੀ ਸੰਗਤ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ‘ਚ ਬੁਰਾਈਆਂ ਦਾ ਤਿਆਗ ਕਰਕੇ ਗੁਰੂ ਲੜ ਲੱਗਣ ਦੀ ਲੋੜ ਹੈ ਤੇ ਗੁਰੂ ਸਾਹਿਬਾਨ ਦੇ ਸੰਦੇਸ਼ ‘ਤੇ ਚੱਲ ਕੇ ਸਰਬੱਤ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ। ਇਸ ਸਮੇਂ ਓਨਟਾਰੀਓ ਸਰਕਾਰ ਦੇ ਖਜ਼ਾਨਾ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆਂ ਅਤੇ ਫੈਡਰਲ ਸਰਕਾਰ ਅਤੇ ਬਰੈਂਪਟਨ ਸਾਊਥ ਤੋਂ ਐੱਮ.ਪੀ. ਬੀਬੀ ਸੋਨੀਆ ਸਿੱਧੂ ਜੀ ਨੇ ਗੁਰੂਘਰ ਪਹੁੰਚ ਕੇ ਸਭ ਸਿੱਖ ਭਾਈਚਾਰੇ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਦੀ ਲੱਖ-ਲੱਖ ਵਧਾਈ ਦਿੱਤੀ। ਨਾਲ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਿੱਖ ਭਾਈਚਾਰੇ ਨੂੰ ਭੇਜੇ ਵਿਸਾਖੀ ਵਧਾਈ ਸੰਦੇਸ਼ ਦੀ ਕਾਪੀ ਗੁਰੂ ਘਰ ਦੇ ਮਹੰਤ ਸਵਰਨਜੀਤ ਸਿੰਘ ਜੀ ਨੂੰ ਪੇਸ਼ ਕੀਤੀ। ਇਸੇ ਲੜੀ ਵਿਚ ਗੁਰੂ ਘਰ ਨਾਨਕਸਰ ਵਲੋਂ 16 ਅਪ੍ਰੈਲ ਦਿਨ ਐਤਵਾਰ ਨੂੰ ਜਿਨ੍ਹਾਂ ਸ਼ਰਧਾਲੂਆਂ  ਵਲੋਂ ਅੰਮ੍ਰਿਤ ਛਕ ਕੇ ਗੁਰੂ ਦੇ ਲੜ ਲੱਗਣ, ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦਾ ਮਨ ਬਣਾਇਆ ਹੈ, ਉਨ੍ਹਾਂ ਨੂੰ ਅੰਮ੍ਰਿਤ ਛਕਾਇਆ ਜਾਵੇਗਾ। ਆਖਿਰ ਤੇ ਸਮਾਪਤੀ ਦੀ ਅਰਦਾਸ ਭਾਈ ਸੇਵਾ ਸਿੰਘ ਹੋਰਾਂ ਵਲੋਂ ਕੀਤੀ ਗਈ ਤੇ ਸੰਗਤਾਂ ਦਾ ਗੁਰੂਘਰ ਪਹੁੰਚਣ ‘ਤੇ ਧੰਨਵਾਦ ਕੀਤਾ।

Leave a comment