#CANADA

ਕੈਨੇਡਾ ਦੀ ਉਮਰਦਰਾਜ਼ ਹੋ ਰਹੀ ਆਬਾਦੀ ਦੇ ਮੱਦੇਨਜ਼ਰ ਹੋਰ ਨਿਊਕਮਰਜ਼ ਨੂੰ ਸੱਦਣ ਦੀ ਲੋੜ ‘ਤੇ ਜ਼ੋਰ

ਟੋਰਾਂਟੋ, 25 ਜੁਲਾਈ (ਪੰਜਾਬ ਮੇਲ)- ਇੱਕ ਪਾਸੇ ਜਿੱਥੇ ਫੈਡਰਲ ਸਰਕਾਰ ਵੱਲੋਂ ਇਮੀਗ੍ਰੈਂਟਸ ਨੂੰ ਦਿਲ ਖੋਲ੍ਹ ਕੇ ਕੈਨੇਡਾ ਸੱਦਣ ਦੀ ਨਿਖੇਧੀ ਕੀਤੀ ਜਾ ਰਹੀ ਹੈ, ਉੱਥੇ ਹੀ ਇੱਕ ਨਵੀਂ ਰਿਪੋਰਟ ਅਨੁਸਾਰ ਦੇਸ਼ ਦੀ ਉਮਰਦਰਾਜ਼ ਹੋ ਰਹੀ ਆਬਾਦੀ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਅਜੇ ਹੋਰ ਨਿਊਕਮਰਜ਼ ਨੂੰ ਸੱਦਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ ਹੈ।
ਸੋਮਵਾਰ ਨੂੰ ਜਾਰੀ ਕੀਤੀ ਗਈ ਨਵੀਂ ਰਿਪੋਰਟ ਵਿਚ ਇਹ ਦੱਸਿਆ ਗਿਆ ਹੈ ਕਿ ਉਮਰਦਰਾਜ਼ ਹੋ ਚੁੱਕੇ ਕੈਨੇਡੀਅਨਜ਼ ਦੇ ਅਨੁਪਾਤ ਨੂੰ ਮੇਨਟੇਨ ਕਰਨ ਲਈ ਵਰਕਿੰਗ ਏ ਦੇ ਕੈਨੇਡੀਅਨਜ਼ ਦੀ ਆਬਾਦੀ ਕਿੰਨੀ ਹੋਣੀ ਚਾਹੀਦੀ ਹੈ। ਇਸ ਵਿਚ 15 ਤੋਂ 64 ਸਾਲ ਦਰਮਿਆਨ ਉਮਰ ਅਤੇ 65 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ ਤੇ ਇਨ੍ਹਾਂ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ ਹੈ।
ਇਸ ਰਿਪੋਰਟ ਵਿਚ ਆਖਿਆ ਗਿਆ ਹੈ ਕਿ ਵਰਕਿੰਗ ਏਜ ਦੀ ਆਬਾਦੀ ਨੂੰ 2.2 ਫੀ ਸਦੀ ਦੇ ਹਿਸਾਬ ਨਾਲ ਹਰ ਸਾਲ ਵਧਾਏ ਜਾਣ ਦੀ ਲੋੜ ਹੈ। ਇਸ ਨਾਲ ਹੀ 2040 ਤੱਕ ਓਨੀ ਆਬਾਦੀ ਮੇਨਟੇਨ ਰੱਖੀ ਜਾ ਸਕੇਗੀ, ਜਿੰਨੀ 2022 ਵਿਚ ਸੀ। ਇਹ ਵੀ ਆਖਿਆ ਗਿਆ ਹੈ ਕਿ ਜੇ ਦੇਸ਼ ਨੂੰ 1990ਵਿਆਂ ਤੇ 2015ਵਿਆਂ ਦਰਮਿਆਨ ਵਾਲੇ ਸਮੇਂ ਮੁਤਾਬਕ ਵਰਕਿੰਗ ਏਜ ਵਾਲੇ ਲੋਕਾਂ ‘ਤੇ ਨਿਰਭਰਤਾ ਚਾਹੀਦੀ ਹੈ, ਤਾਂ ਕੈਨੇਡੀਅਨਜ਼ ਦੀ ਗਿਣਤੀ 4.5 ਫੀਸਦੀ ਦੇ ਹਿਸਾਬ ਨਾਲ ਵਧਣੀ ਚਾਹੀਦੀ ਹੈ।
ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਦੇਸਜਾਰਡਿਨਜ਼ ਦੇ ਸੀਨੀਅਰ ਡਾਇਰੈਕਟਰ ਆਫ ਕੈਨੇਡੀਅਨ ਇਕਨੌਮਿਕਸ ਰੈੱਡਲ ਬਾਰਟਲੈਟ ਨੇ ਆਖਿਆ ਕਿ ਇੰਜ ਮਹਿਸੂਸ ਹੋ ਰਿਹਾ ਹੈ ਕਿ ਕੈਨੇਡਾ ਵਿਚ ਇਮੀਗ੍ਰੇਸ਼ਨ ਦੇ ਪੱਧਰ ਸਬੰਧੀ ਗੱਲਬਾਤ ਅਸਲ ਵਿਚ ਕੈਨੇਡੀਅਨ ਹਾਊਸਿੰਗ ਮਾਰਕਿਟ ਉੱਤੇ ਪੈਣ ਵਾਲੇ ਪ੍ਰਭਾਵ ਉੱਤੇ ਕੇਂਦਰਿਤ ਹੋਣੀ ਚਾਹੀਦੀ ਹੈ। ਇਸੇ ਲਈ ਇਹ ਆਖਿਆ ਜਾ ਰਿਹਾ ਹੈ ਕਿ ਕੈਨੇਡਾ ਲਈ ਇਮੀਗ੍ਰੇਸ਼ਨ ਦਾ ਮੁੱਦਾ ਕਾਫੀ ਅਹਿਮ ਹੈ ਤੇ ਸਾਨੂੰ ਹੋਰ ਇਮੀਗ੍ਰੈਂਟਸ ਦੀ ਲੋੜ ਹੈ।

Leave a comment