#CANADA

ਕੈਨੇਡਾ ਦੀ ਆਬਾਦੀ ਚਾਰ ਕਰੋੜ ਤੋਂ ਟੱਪੀ

ਵੈਨਕੂਵਰ, 19 ਜੂਨ (ਪੰਜਾਬ ਮੇਲ)- ਕੈਨੇਡਾ ਦੀ ਆਬਾਦੀ 16 ਜੂਨ ਨੂੰ ਚਾਰ ਕਰੋੜ ਦਾ ਅੰਕੜਾ ਪਾਰ ਕਰ ਗਈ ਹੈ। ਅੰਕੜਾ ਵਿਭਾਗ ਅਨੁਸਾਰ ਇੱਕ ਸਾਲ ਦੌਰਾਨ ਵਿਦੇਸ਼ਾਂ ਤੋਂ ਆ ਕੇ ਵੱਸੇ ਲੋਕਾਂ ਕਾਰਨ 2022 ਵਿਚ ਆਬਾਦੀ ‘ਚ ਰਿਕਾਰਡ ਸਾਢੇ ਦਸ ਲੱਖ (10,50,111) ਦਾ ਵਾਧਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ ਦੂਜੀ ਵਿਸ਼ਵ ਜੰਗ ਮਗਰੋਂ ਵੱਧ ਬੱਚੇ ਪੈਦਾ ਕਰਨ ਦੀ ਲਹਿਰ ਤਹਿਤ 1957 ਵਿਚ ਦੇਸ਼ ‘ਚ ਆਬਾਦੀ ਦੇ ਵਾਧੇ ਦਾ ਰਿਕਾਰਡ ਦਰਜ ਕੀਤਾ ਗਿਆ ਸੀ।
ਅੰਕੜਾ ਵਿਭਾਗ ਦੇ ਮੁਖੀ ਅਨਿਲ ਅਰੋੜਾ ਨੇ ਕਿਹਾ ਕਿ ਕੈਨੇਡਾ ਦੇ ਇਤਿਹਾਸ ਵਿਚ ਮੀਲ ਪੱਥਰ ਬਣਿਆ ਇਹ ਅੰਕੜਾ ਅਨੁਮਾਨ ਤੋਂ ਪੰਜ ਮਿੰਟ ਪਹਿਲਾਂ ਪੂਰਾ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਅਨੁਮਾਨ ਸੀ ਕਿ ਚਾਰ ਕਰੋੜ ਆਬਾਦੀ ਦਾ ਅੰਕੜਾ 16 ਜੂਨ ਨੂੰ ਬਾਅਦ ਦੁਪਹਿਰ ਤਿੰਨ ਵਜੇ ਹਾਸਲ ਹੋਵੇਗਾ, ਜੋ ਕਿ ਉਸ ਤੋਂ ਪੰਜ ਮਿੰਟ ਪਹਿਲਾਂ ਹੀ ਪੂਰਾ ਹੋ ਗਿਆ। ਉਨ੍ਹਾਂ ਕਿਹਾ ਕਿ ਜੇਕਰ ਆਬਾਦੀ ‘ਚ ਵਾਧੇ ਦਾ ਇਹੀ ਰੁਝਾਨ ਰਿਹਾ, ਤਾਂ ਅਗਲੇ 20 ਸਾਲਾਂ ਦੌਰਾਨ ਕੈਨੇਡਾ ਦੀ ਆਬਾਦੀ ਪੰਜ ਕਰੋੜ ਤੋਂ ਟੱਪ ਜਾਵੇਗੀ। ਅੰਕੜਾ ਵਿਭਾਗ ਅਨੁਸਾਰ 2016 ਤੋਂ 2021 ਦੇ ਪੰਜ ਸਾਲਾਂ ਦੌਰਾਨ ਸਥਾਈ ਵਾਧਾ ਸਿਰਫ਼ 9.4 ਫੀਸਦੀ ਹੋਇਆ, ਜਦਕਿ ਇਸੇ ਸਮੇਂ ਦੌਰਾਨ 5.3 ਫੀਸਦੀ ਵਾਧਾ ਪ੍ਰਵਾਸੀਆਂ ਕਾਰਨ ਹੋਇਆ। ਆਬਾਦੀ ਦੇ ਵਾਧੇ ਵਿਚ ਤੇਜ਼ੀ ਬਾਰੇ ਮਾਹਿਰਾਂ ਦੇ ਵਿਚਾਰਾਂ ‘ਚ ਵੱਡਾ ਫਰਕ ਹੈ। ਕੁਝ ਇਸ ਨੂੰ ਦੇਸ਼ ਦੀ ਆਰਥਿਕਤਾ ‘ਚ ਵਾਧੇ ਨਾਲ ਜੋੜ ਕੇ ਦੇਖ ਰਹੇ ਹਨ, ਜਦਕਿ ਕੁਝ ਦਾ ਵਿਚਾਰ ਹੈ ਕਿ ਦੇਸ਼ ਦੀ ਡਾਵਾਂਡੋਲ ਆਰਥਿਕਤਾ ਦਾ ਮੁੱਖ ਕਾਰਨ ਆਬਾਦੀ ਵਾਧਾ ਹੀ ਹੈ।

Leave a comment