-ਪਰਿਵਾਰ ਸਮੇਤ ਮਿਲੇਗੀ ਕੈਨੇਡਾ ‘ਚ ਪੀ.ਆਰ.
ਕਿਊਬਿਕ, 14 ਜੂਨ (ਪੰਜਾਬ ਮੇਲ)- ਕੈਨੇਡਾ ਦਾ ਕਿਊਬਿਕ ਨਿਵੇਸ਼ਕ ਪ੍ਰੋਗਰਾਮ (ਕਿਊ.ਆਈ.ਆਈ.ਪੀ.) ਜਨਵਰੀ 2024 ਵਿਚ ਮੁੜ ਖੁੱਲ੍ਹਣ ਲਈ ਤਿਆਰ ਹੈ। ਇਹ ਪ੍ਰੋਗਰਾਮ 2019 ਵਿਚ ਬੰਦ ਕਰ ਦਿੱਤਾ ਗਿਆ ਸੀ। ਕਰੀਬ ਪੰਜ ਸਾਲ ਬਾਅਦ ਜਨਵਰੀ 2024 ਤੋਂ ਇਸ ਨੂੰ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿਚ ਪਰਿਵਾਰ ਸਮੇਤ ਉਨ੍ਹਾਂ ਨਿਵੇਸ਼ਕਾਂ ਨੂੰ ਕੈਨੇਡੀਅਨ ਪੀਆਰ ਮਿਲੇਗੀ, ਜੋ ਕੈਨੇਡਾ ਵਿਚ 10 ਲੱਖ ਡਾਲਰ (ਕਰੀਬ 6 ਕਰੋੜ 17 ਲੱਖ ਰੁਪਏ) ਦਾ ਨਿਵੇਸ਼ ਕਰਦੇ ਹਨ। ਨਾਲ ਹੀ ਭਾਰਤ ਵਿਚ ਪਤੀ-ਪਤਨੀ ਦੀਆਂ ਸਾਰੀਆਂ ਜਾਇਦਾਦਾਂ ਦਾ ਮੁੱਲ ਲਗਭਗ 2 ਮਿਲੀਅਨ ਡਾਲਰ (12 ਕਰੋੜ 34 ਲੱਖ ਰੁਪਏ) ਹੋਣਾ ਲਾਜ਼ਮੀ ਹੈ। ਨਵੇਂ ਪ੍ਰੋਗਰਾਮ ਲਈ ਨਿਵੇਸ਼ਕਾਂ ਨੂੰ ਫ੍ਰੈਂਚ ਬੋਲਣ ਦੇ ਹੁਨਰ ਹੋਣਾ ਲਾਜ਼ਮੀ ਹੈ, ਜੋ ਕਿ 2019 ਤੋਂ ਪਹਿਲਾਂ ਦੇ ਪ੍ਰੋਗਰਾਮ ਵਿਚ ਨਹੀਂ ਸੀ। ਕਿਊਬਿਕ ਸਰਕਾਰ ਦਾ ਕਹਿਣਾ ਹੈ ਕਿ ਕੈਨੇਡੀਅਨ ਰਾਜ ਕਿਊਬਿਕ ਵਿਚ ਆਉਣ ਵਾਲੇ ਕਾਮਿਆਂ ਅਤੇ ਹੋਰ ਪ੍ਰਵਾਸੀਆਂ ਵਿਚ ਫਰੈਂਚ ਬੋਲਣ ਅਤੇ ਸਮਝਣ ਦੀ ਸਮਰੱਥਾ ਬਹੁਤ ਘੱਟ ਹੈ।
ਇਹ ਪ੍ਰੋਗਰਾਮ ਅਮੀਰ ਭਾਰਤੀਆਂ ਨੂੰ ਕੈਨੇਡਾ ਵਿਚ ਸੈਟਲ ਹੋਣ ਦਾ ਮੌਕਾ ਦੇਵੇਗਾ। ਪੰਜਾਬ ਦੇ ਲੋਕ ਆਪਣੀ ਜ਼ਮੀਨ ਜਾਂ ਕਾਰੋਬਾਰ ਦਾ ਮੁਲਾਂਕਣ ਕਰਵਾ ਕੇ ਅਤੇ 1 ਮਿਲੀਅਨ ਡਾਲਰ ਦੇ ਨਿਵੇਸ਼ ਨਾਲ ਕੈਨੇਡਾ ਜਾਣ ਦੇ ਯੋਗ ਹੋਣਗੇ। ਹਾਲਾਂਕਿ ਉਨ੍ਹਾਂ ਨੂੰ ਸਕੂਲ ਪੱਧਰ ਦਾ ਫ੍ਰੈਂਚ ਡਿਪਲੋਮਾ ਕੋਰਸ ਜ਼ਰੂਰ ਕਰਨਾ ਹੋਵੇਗਾ। ਇੱਥੇ ਦੱਸ ਦਈਏ ਕਿ ਕਿਊਬਿਕ ਪ੍ਰੀਮੀਅਰ ਨੇ ਹਾਲ ਹੀ ਵਿਚ ਕਿਊਬਿਕ ਦੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿਚ ਕਈ ਪ੍ਰਸਤਾਵਿਤ ਤਬਦੀਲੀਆਂ ਦਾ ਐਲਾਨ ਕੀਤਾ ਹੈ। ਜਿਸ ਦੇ ਤਹਿਤ ਕਿਊਬਿਕ ਦੇ ਬਿਜ਼ਨਸ ਇਮੀਗ੍ਰੇਸ਼ਨ ਪ੍ਰੋਗਰਾਮਾਂ ਵਿਚ ਕੁਝ ਮਹੱਤਵਪੂਰਨ ਤਬਦੀਲੀਆਂ ਕੀਤੀਆਂ ਜਾਣਗੀਆਂ, ਜਿਸ ਵਿਚ ਕਿਊਬਿਕ ਇਮੀਗ੍ਰੈਂਟ ਇਨਵੈਸਟਰ ਪ੍ਰੋਗਰਾਮ (ਕਿਊ.ਆਈ.ਆਈ.ਪੀ.) ਵੀ ਸ਼ਾਮਲ ਹੈ।
ਲਗਭਗ 30 ਸਾਲਾਂ ਤੋਂ ਕੰਮ ਕਰ ਰਿਹਾ ਇਹ ਪ੍ਰੋਗਰਾਮ ਉਨ੍ਹਾਂ ਕਾਰੋਬਾਰੀ ਲੋਕਾਂ ਨੂੰ ਇਮੀਗ੍ਰੇਸ਼ਨ ਵਿਕਲਪ ਪ੍ਰਦਾਨ ਕਰਦਾ ਹੈ ਜੋ ਕਿਊਬਿਕ ਵਿਚ ਸੈਟਲ ਹੋਣਾ ਅਤੇ ਸਥਾਈ ਨਿਵਾਸੀ ਬਣਨਾ ਚਾਹੁੰਦੇ ਹਨ। ਪ੍ਰੋਗਰਾਮ ਲਈ ਜ਼ੋਖਮ-ਮੁਕਤ ਨਿਵੇਸ਼ ਦੀ ਲੋੜ ਹੁੰਦੀ ਹੈ, ਜਿਸ ਦੀ ਕਿਊਬਿਕ ਸਰਕਾਰ ਦੁਆਰਾ ਪੂਰੀ ਤਰ੍ਹਾਂ ਗਾਰੰਟੀ ਦਿੱਤੀ ਜਾਂਦੀ ਹੈ। ਇਸ ਲਈ ਕੋਈ ਕਾਰੋਬਾਰ ਹਾਸਲ ਕਰਨ ਜਾਂ ਬਣਾਉਣ ਜਾਂ ਜ਼ੋਖਮ ਭਰੇ ਨਿਵੇਸ਼ ਕਰਨ ਦੀ ਲੋੜ ਨਹੀਂ ਹੈ। ਕਿਊਬਿਕ ਵਿਚ ਕਾਰੋਬਾਰੀ ਇਮੀਗ੍ਰੇਸ਼ਨ ਇੱਕ ਸ਼੍ਰੇਣੀ ਹੈ, ਜੋ ਬਹੁਤ ਸਾਰੇ ਉੱਚ-ਆਮਦਨ ਵਾਲੇ ਵਿਅਕਤੀਆਂ ਨੂੰ ਲਾਭ ਪਹੁੰਚਾਉਂਦੀ ਹੈ, ਜਿਸ ਬਾਰੇ ਪ੍ਰੋਵਿੰਸ ਦਾ ਮੰਨਣਾ ਹੈ ਕਿ ਇਹ ਨੌਕਰੀਆਂ ਪੈਦਾ ਕਰਨ ਅਤੇ ਆਰਥਿਕਤਾ ਵਿਚ ਯੋਗਦਾਨ ਪਾਉਣ ਵਿਚ ਮਦਦ ਕਰ ਸਕਦੇ ਹਨ। ਕਿਊ.ਆਈ.ਆਈ.ਪੀ. ਵਿਚ ਨਿਵੇਸ਼ਕ ਪ੍ਰਵਾਸੀ ਪ੍ਰੋਵਿੰਸ ਨੂੰ 1.2 ਮਿਲੀਅਨ ਡਾਲਰ ਦੇ ਵਿਆਜ-ਮੁਕਤ ਕਰਜ਼ੇ ਦੇ ਬਦਲੇ ਪੀ.ਆਰ. ਲਈ ਅਰਜ਼ੀ ਦੇ ਸਕਦੇ ਹਨ। ਕਰਜ਼ੇ ਦੀ ਪੰਜ ਸਾਲਾਂ ਦੇ ਅੰਦਰ ਪੂਰੀ ਅਦਾਇਗੀ ਕਰਨ ਦੀ ਗਾਰੰਟੀ ਹੈ ਅਤੇ ਉਮੀਦਵਾਰਾਂ ਤੋਂ ਕਾਰੋਬਾਰ ਦਾ ਪ੍ਰਬੰਧਨ ਕਰਨ ਦੀ ਉਮੀਦ ਨਹੀਂ ਕੀਤੀ ਜਾਂਦੀ।