#AMERICA

ਕੈਨੇਡਾ ‘ਚ ਹੁਣ ਅਪਰਾਧੀਆਂ ਨੂੰ ਜਮਾਨਤ ਮਿਲਣੀ ਹੋਵੇਗੀ ਔਖੀ!

– ਜ਼ਮਾਨਤ ਨਿਯਮਾਂ ‘ਚ ਬਦਲਾਅ ਵਾਲਾ ਬਿੱਲ ਪਾਸ;
– 15 ਜੁਲਾਈ ਤੋਂ ਲਾਗੂ ਹੋਣਗੇ ਨਿਯਮ
ਵੈਨਕੂਵਰ, 17 ਜੂਨ (ਪੰਜਾਬ ਮੇਲ)- ਕੈਨੇਡਾ ‘ਚ ਹੁਣ ਅਪਰਾਧੀਆਂ ਨੂੰ ਜਮਾਨਤ ਮਿਲਣੀ ਔਖੀ ਹੋ ਜਾਵੇਗੀ। ਜ਼ਮਾਨਤ ਨਿਯਮਾਂ ਦੇ ਬਦਲਾਅ ਵਾਲੇ ਬਿਲ ਸੀ 14 ਨੂੰ ਪਾਰਲੀਮੈਂਟ ਵਲੋਂ ਪਾਸੇ ਕੀਤੇ ਜਾਣ ਤੋਂ ਬਾਅਦ ਗਵਰਨਰ ਜਨਰਲ ਵਲੋਂ ਇਸ ‘ਤੇ ਸਹੀ ਪਾ ਦਿੱਤੀ ਗਈ ਹੈ ਅਤੇ ਇਹ ਨਿਯਮ 15 ਜੁਲਾਈ ਤੋਂ ਲਾਗੂ ਹੋ ਜਾਣਗੇ।
ਫੈਡਰਲ ਕਾਨੂੰਨ ਮੰਤਰੀ ਸ਼ੌਨ ਫਰੇਜਰ ਵਲੋਂ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸਾਰੇ ਸੂਬਿਆਂ ਦੇ ਕਾਨੂੰਨ ਮੰਤਰੀਆਂ ਤੇ ਨਿਆਂ ਵਿਭਾਗਾਂ ਨੂੰ ਇਸ ਬਾਰੇ ਸੂਚਿਤ ਕਰਕੇ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਨੂੰ ਜੇਲਾਂ ‘ਚ ਬੰਦ ਰੱਖਣ ਲਈ ਪਾਸ ਹੋਏ ਇਸ ਕਾਨੂੰਨ ਨਾਲ ਅਮਨ ਕਾਨੂੰਨ ਦੀ ਸਥਿਤੀ ‘ਚ ਵੱਡਾ ਸੁਧਾਰ ਹੋਵੇਗਾ। ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਪਹਿਲੇ ਅਪਰਾਧ ਲਈ ਜ਼ਮਾਨਤ ਨਾ ਮਿਲਣ ਕਰਕੇ ਹੁਣ ਇੱਕ ਅਪਰਾਧੀ ਵਲੋਂ ਵਾਰ-ਵਾਰ ਅਪਰਾਧ ਕੀਤੇ ਜਾਣ ਦੇ ਰੁਝਾਨ ‘ਤੇ ਠੱਲ੍ਹ ਪਵੇਗੀ, ਕਿਉਂਕਿ ਅਪਰਾਧੀ ਜੇਲ੍ਹਾਂ ਵਿਚ ਰਹਿਣਗੇ।
ਉਨ੍ਹਾਂ ਕਿਹਾ ਕਿ ਇਸ ਨਾਲ ਚੋਰੀਆਂ, ਠੱਗੀਆਂ, ਹਿੰਸਕ ਕਾਰਵਾਈਆਂ, ਗੋਲੀਬਾਰੀ ਤੇ ਅਜਿਹੀਆਂ ਹੋਰ ਅਪਰਾਧਿਕ ਗਤੀਵਿਧੀਆਂ ‘ਚ ਸ਼ਾਮਲ ਲੋਕ ਵਾਰ-ਵਾਰ ਅਪਰਾਧ ਨੂੰ ਅੰਜਾਮ ਨਹੀਂ ਕਰ ਸਕਣਗੇ। ਮੰਤਰੀ ਨੇ ਮੰਨਿਆ ਕਿ ਜ਼ਮਾਨਤ ਨਿਯਮ ਨਰਮ ਹੋਣ ਕਾਰਨ ਹੀ ਕੈਨੇਡਾ ‘ਚ ਅਪਰਾਧਾਂ ‘ਚ ਵਾਧਾ ਹੋਇਆ ਹੈ। ਮੰਤਰੀ ਨੇ ਕਿਹਾ ਕਿ ਇਸਨੂੰ ਸਖਤ ਨਾਲ ਲਾਗੂ ਕਰਨ ਲਈ ਜੱਜਾਂ ਨੂੰ ਲੋੜੀਦੇ ਸਾਧਨ ਮੁਹੱਈਆ ਕਰਾਏ ਜਾਣਗੇ।